ਬਰਨਾਲਾ:ਪੀ.ਆਰ.ਟੀ.ਸੀ ਕੰਟਰੈਕਟ ਮੁਲਾਜ਼ਮਾਂ ਵਲੋਂ ਹੜਤਾਲ ਕਰਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਬਰਨਾਲਾ ਡੀਪੂ ਦੀਆਂ ਬੱਸਾਂ ਬੰਦ ਕਰਕੇ ਬੱਸ ਸਟੈਂਡ ਵਿੱਚ ਧਰਨਾ ਲਗਾਇਆ ਗਿਆ। ਪ੍ਰਦਰਸ਼ਨਕਾਰੀ ਸਰਕਾਰ ਤੋਂ ਮੰਨੀਆਂ ਗਈਆਂ ਮੰਗਾਂ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਮੇਤ ਕਿਲੋਮੀਟਰ ਸਕੀਮ ਤਹਿਤ ਟੈਂਡਰ ਰੱਦ ਕਰਨ ਦੀ ਮੰਗ ਕੀਤੀ ਹੈ ਅਤੇ ਮੰਗਾਂ ਨਾ ਮੰਨੇ ਜਾਣ ਤੇ ਸਖ਼ਤ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਪੀਆਰਟੀਸੀ ਮੁਲਜ਼ਮਾਂ ਨੇ ਕਿਹਾ ਕਿ ਅੱਜ ਮੰਗਲਵਾਰ ਨੂੰ ਪੰਜਾਬ ਭਰ ਦੇ 27 ਸਰਕਾਰੀ ਬੱਸਾਂ ਦੇ ਡੀਪੂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੀਆਰਟੀਸੀ ਦੇ 9 ਡਿਪੂਆਂ ਵਿੱਚ ਕੰਟਰੈਕਟ ਮੁਲਾਜ਼ਮ ਮੁਕੰਮਲ ਹੜਤਾਲ ਉਪਰ ਹਨ, ਜਦਕਿ ਇੱਕਾ ਦੁੱਕਾ ਰੈਗੂਲਰ ਮੁਲਜ਼ਮ ਬੱਸਾਂ ਚਲਾ ਰਹੇ ਹਨ। ਜਦਕਿ ਪਨਬਸ ਤੇ ਹੋਰ ਸਰਕਾਰੀ ਬੱਸਾਂ ਦੇ ਡਿੱਪੂ ਬਿਲਕੁਲ ਬੰਦ ਹਨ। ਉਹਨਾਂ ਕਿਹਾ ਕਿ ਅੱਜ ਦਾ ਧਰਨਾ ਸਰਕਾਰ ਵਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੀ ਹੈ। ਜਿਸ ਵਿਚ ਪਹਿਲੀ ਮੰਗ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਹੈ। ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੀ ਉਹ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਨ।
ਇਸ ਤੋਂ ਇਲਾਵਾ ਸਰਕਾਰ ਕਿਲੋਮੀਟਰ ਸਕੀਮ ਤਹਿਤ ਸਰਕਾਰੀ ਵਿਭਾਗ ਵਿੱਚ ਪ੍ਰਾਈਵੇਟ ਬੱਸਾਂ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸਦਾ ਉਹ ਸਖ਼ਤ ਵਿਰੋਧ ਕਰਦੇ ਹਨ। ਇੱਕ ਪਾਸੇ ਮੁੱਖ ਮੰਤਰੀ ਪੰਜਾਬ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਗੱਲ ਕਰ ਰਹੇ ਹਨ, ਜਦਕਿ ਦੂਜੇ ਪਾਸੇ ਕਿਲੋਮੀਟਰ ਸਕੀਮ ਤਹਿਤ ਨਿੱਜੀਕਰਨ ਤੇ ਠੇਕੇਦਾਰੀ ਸਿਸਟਮ ਬਰਕਰਾਰ ਰੱਖ ਰਹੀ ਹੈ।