ਬਰਨਾਲਾ: ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਵਿਖੇ ਕੋਰੋਨਾ ਵਾਇਰਸ ਦੇ ਲੌਕਡਾਊਨ ਵਿੱਚ ਫ਼ਸੀ ਸੰਗਤ ਨੂੰ ਵਾਪਸ ਪੰਜਾਬ ਲਿਆਉਣ ਲਈ ਸੂਬਾ ਸਰਕਾਰ ਵੱਲੋਂ ਪੀਆਰਟੀਸੀ ਬੱਸਾਂ ਭੇਜੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਇੱਕ ਪੀਆਰਟੀਸੀ ਡਰਾਈਵਰ ਦੀ ਰਸਤੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਡਰਾਈਵਰ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ, ਜੋ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦਾ ਰਹਿਣ ਵਾਲਾ ਹੈ।
ਹਜ਼ੂਰ ਸਾਹਿਬ ’ਚ ਫ਼ਸੀ ਸੰਗਤ ਨੂੰ ਲੈਣ ਗਏ PRTC ਡਰਾਈਵਰ ਦੀ ਰਸਤੇ ’ਚ ਮੌਤ ਹਜ਼ੂਰ ਸਾਹਿਬ ਤੋਂ ਵਾਪਿਸ ਆਉਂਦਿਆਂ ਜਦੋਂ ਉਹ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿੱਚ ਪਹੁੰਚੇ ਤਾਂ ਉੱਥੇ ਉਸ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ। ਘਟਨਾ ਸਮੇਂ ਮ੍ਰਿਤਕ ਬੱਸ ਵਿੱਚ ਆਰਾਮ ਕਰ ਰਿਹਾ ਸੀ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਮ੍ਰਿਤਕ ਦੇ ਪਿੰਡ ਸਮੇਤ ਪੂਰੇ ਜ਼ਿਲ੍ਹੇ ਵਿੱਚ ਸੋਗ ਦੀ ਲਹਿਰ ਹੈ।
ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਲੱਗੇ ਲੌਕਡਾਊਨ ਕਾਰਨ ਗੁਰਦੁਆਰਾ ਹਜ਼ੂਰ ਸਾਹਿਬ (ਨਾਂਦੇੜ) ਦੇ ਦਰਸ਼ਨ ਕਰਨ ਗਈ ਸੰਗਤ ਉਥੇ ਹੀ ਫ਼ਸ ਗਈ ਸੀ। ਉਨ੍ਹਾਂ ਨੂੰ ਪੰਜਾਬ ਵਾਪਸ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਦੀਆਂ ਬੱਸਾਂ ਭੇਜੀਆਂ ਗਈਆਂ ਸਨ। ਇਨ੍ਹਾਂ ਬੱਸਾਂ ਦੇ ਕਾਫ਼ਲੇ ਵਿੱਚ ਗਏ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦੇ ਡਰਾਈਵਰ ਮਨਜੀਤ ਸਿੰਘ ਦੀ ਰਸਤੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਤਾਂ ਅਜੇ ਕੁਆਰਾ ਸੀ। ਉਸਦੀ ਮੌਤ ਦੀ ਘਟਨਾ ਬਾਰੇ ਉਸਦੇ ਦੋਸਤ ਵੱਲੋਂ ਫ਼ੋਨ ਰਾਹੀਂ ਸੂਚਨਾ ਤੋਂ ਪਤਾ ਲੱਗਿਆ। ਪੀਆਰਟੀਸੀ ਬੱਸ ਵਿੱਚ ਨੌਕਰੀ ਕਰ ਰਿਹਾ ਸੀ। ਬੀਤੇ ਕੱਲ੍ਹ ਹਜ਼ੂਰ ਸਾਹਿਬ ਗਏ ਸਨ ਤੇ ਪਹਿਲਾਂ ਉਸ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਸੀ। ਇਸ ਦੀ ਸਰਕਾਰ ਵੱਲੋਂ ਡਿਊਟੀ ਲੱਗਣ ਤੋਂ ਬਾਅਦ ਹਜ਼ੂਰ ਸਾਹਿਬ ਗਿਆ ਸੀ, ਜਿਸ ਦੀ ਲਾਸ਼ ਸੋਮਵਾਰ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਸੀ ਜਿਸ ਕਰਕੇ ਪੰਜਾਬ ਸਰਕਾਰ ਇਸ ਮ੍ਰਿਤਕ ਪਰਿਵਾਰ ਨੂੰ ਆਰਥਿਕ ਸਹਾਇਤਾ ਜ਼ਰੂਰ ਦੇਵੇ। ਇਸ ਸਬੰਧੀ ਥਾਣਾ ਧਨੌਲਾ ਦੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕ ਮਨਜੀਤ ਸਿੰਘ ਪੰਜਾਬ ਰੋਡਵੇਜ਼ ’ਚ ਨੌਕਰੀ ਕਰਦਾ ਸੀ, ਜੋ ਕੋਰੋਨਾ ਕਰਫ਼ਿਊ ਕਾਰਨ ਫ਼ਸੇ ਸ਼ਰਧਾਲੂਆਂ ਨੂੰ ਲੈਣ ਹਜ਼ੂਰ ਸਾਹਿਬ ਬੱਸ ’ਤੇ ਗਿਆ ਸੀ। ਜਿਸ ਦੀ ਰਸਤੇ ਵਿੱਚ ਇੰਦੌਰ ਨੇੜੇ ਹਾਰਟ ਅਟੈਕ ਕਾਰਨ ਮੌਤ ਹੋ ਗਈ।