ਬਰਨਾਲਾ: ਦਮਦਮੀ ਟਕਸਾਲ ਦੇ ਆਗੂ ਅਮਰੀਕ ਸਿੰਘ ਅਜਨਾਲਾ 'ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਦੇ ਚਲਦੇ ਬੀਤੇ ਦਿਨ ਪੁਲਿਸ ਨੇ ਅਜਨਾਲਾ ਸਣੇ 55 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਹੁਣ ਸਭ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਹੈ।
ਢੱਡਰੀਆਂ ਵਾਲੇ ਦੇ ਦੀਵਾਨਾਂ ਦਾ ਵਿਰੋਧ ਬਰਨਾਲਾ ਪੁਲਿਸ ਵੱਲੋਂ ਥਾਣਾ ਧਨੌਲਾ ਵਿਖੇ ਅਜਨਾਲਾ ਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ 7/51 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸਮਰਥਕਾਂ ਵੱਲੋਂ ਥਾਣੇ ਦਾ ਘਿਰਾਓ ਕਰਕੇ ਪੁਲਿਸ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਦੇਰ ਰਾਤ ਅਜਨਾਲਾ ਸਣੇ 55 ਪ੍ਰਦਰਸ਼ਨਕਾਰੀਆਂ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਹੈ।
ਜ਼ਮਾਨਤ 'ਤੇ ਬਾਹਰ ਆਉਂਦੇ ਹੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਜੇ ਵੀ ਢੱਡਰੀਆਂਵਾਲਾ ਦਾ ਵਿਰੋਧ ਜਾਰੀ ਰੱਖਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਜਿਥੇ ਵੀ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਦੀਵਾਨ ਲੱਗਣਗੇ, ਉਥੇ ਉਹ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਜਾਰੀ ਰੱਖਣਗੇ।
ਉਨ੍ਹਾਂ ਕਿਹਾ ਕਿ ਢੱਡਰੀਆਂਵਾਲੇ ਦੇ ਦੀਵਾਨ ਪੂਰੀ ਤਰ੍ਹਾਂ ਨਾਲ ਬੰਦ ਹੋਣ ਤੱਕ ਉਹ ਲਗਾਤਾਰ ਯਤਨ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਢੱਡਰੀਆਂਵਾਲਾ ਸਿੱਖ ਇਤਿਹਾਸ ਦਾ ਗਲਤ ਢੰਗ ਨਾਲ ਪ੍ਰਚਾਰ ਕਰ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਢੱਡਰੀਆਂਵਾਲੇ ਵੱਲੋਂ ਕੀਤੇ ਜਾਣ ਵਾਲੇ ਪ੍ਰਚਾਰ 'ਤੇ ਰੋਕ ਲਗਾਉਣ ਦੀ ਮੰਗ ਕੀਤੀ।
ਬਰਨਾਲਾ ਦੇ ਐਸਪੀਡੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਮਾਨਸਾ ਦੇ ਪਿੰਡ ਜੋਗਾ ਰੇਲਾ ਵਿਖੇ ਕੁੱਝ ਸਿੱਖ ਸੰਗਤਾਂ ਵੱਲੋਂ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਦੀਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਜਿਨ੍ਹਾਂ ਚੋਂ 55 ਪ੍ਰੱਦਰਸ਼ਨਕਾਰੀਆਂ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰਕੇ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਨੂੰ ਕਾਨੂੰਨੀ ਕਾਰਵਾਈ ਦੇ ਅਧੀਨ ਐਸਡੀਐਮ ਬਰਨਾਲਾ ਵੱਲੋਂ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ।