ਬਰਨਾਲਾ: ਕੋਰੋਨਾ ਵਾਇਰਸ ਕਾਰਨ ਬੰਦ ਕੀਤੇ ਸਕੂਲ ਖੋਲ੍ਹਣ ਲਈ ਲੋਕਾਂ ਵਲੋਂ ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਵਿਖੇ ਸਰਕਾਰ ਅਤੇ ਪੑਸ਼ਾਸ਼ਨ ਨੂੰ ਸਖਤ ਚਿਤਾਵਨੀ ਦਿੱਤੀ ਹੈ। ਇਸ ਸਬੰਧੀ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ, ਸਕੂਲੀ ਬੱਚਿਆਂ ਦੇ ਮਾਪੇ, ਸਕੂਲੀ ਵਿਦਿਆਰਥੀ ਅਤੇ ਆਮ ਲੋਕ ਇਕੱਠੇ ਹੋਏ। ਇਸ ਦੌਰਾਨ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਸਕੂਲ ਖੋਲ੍ਹਣ ਦੀ ਮੰਗ ਕੀਤੀ।
ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਮਾਪਿਆਂ ਨੇ ਕਿਹਾ ਕਿ ਸਰਕਾਰ ਕੋਰੋਨਾ ਦੇ ਬਹਾਨੇ ਸਾਡੇ ਬੱਚਿਆਂ ਨੂੰ ਪੜਾਈ ਲਿਖਾਈ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਸਕੂਲ, ਕਾਲਜ ਬੰਦ ਕੀਤੇ ਹੋਏ ਹਨ। ਵਿਧਾਨ ਸਭਾ ਚੋਣਾਂ ਦਾ ਦੌਰ ਪੂਰੇ ਜੋਰਾਂ 'ਤੇ ਹੈ। ਬਜ਼ਾਰ ਖੁੱਲ੍ਹੇ ਹਨ, ਬੱਸਾਂ, ਰੇਲਾਂ ਭਰ ਭਰ ਜਾ ਰਹੀਆਂ ਹਨ। ਸ਼ਰਾਬ ਦੇ ਠੇਕੇ, ਹੋਟਲ, ਮਾਲ ਸਭ ਖੁੱਲ੍ਹੇ ਹਨ। ਪਰ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰਵਾਇਆ ਹੋਇਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੋਰੋਨਾ ਤਾਂ ਮਹਿਜ ਇੱਕ ਬਹਾਨਾ ਹੈ, ਅਸਲ ਨਿਸ਼ਾਨਾ ਸਿੱਖਿਆ ਨੂੰ ਡਿਜੀਟਲਾਈਜੇਸ਼ਨ ਦੇ ਨਾਂ ਹੇਠ ਬਰਬਾਦ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਘਰੋਂ ਬੈਠ ਕੇ ਆਨਲਾਈਨ ਪੜਾਈ ਕਰਨ ਨਾਲ ਮਾਪਿਆਂ ’ਤੇ ਤਰ੍ਹਾਂ-ਤਰ੍ਹਾਂ ਦੇ ਹੋਰ ਬੋਝ ਪਾਇਆ ਜਾ ਰਿਹਾ ਹੈ> ਪੜਾਉਣ ਵਾਲੇ ਅਧਿਆਪਕ ਵੀ ਆਨਲਾਈਨ ਸਿੱਖਿਆ ਦੇ ਬੋਝ ਥੱਲੇ ਦਬੇੇ ਮਹਿਸੂਸ ਕਰ ਰਹੇ ਹਨ। ਸਾਰੇ ਵਿਦਿਆਰਥੀਆਂ ਲਈ ਮੁਫ਼ਤ ਤੇ ਮਿਆਰੀ ਸਿੱਖਿਆ ਦਾ ਬੁਨਿਆਦੀ ਅਧਿਕਾਰ ਹਾਕਮਾਂ ਨੇ ਪੜਾਅ ਵਾਰ ਪੜਾਅ ਆਪਣੇ ਮਨੋਰਥ ਵਿੱਚੋਂ ਗਾਇਬ ਕਰ ਦਿੱਤਾ ਹੈ। ਇਸ ਲਈ ਵੱਡੀ ਲੜਾਈ ਲੜੵਨ ਲਈ ਹੁਣੇ ਤੋਂ ਤਿਆਰ ਰਹਿਣ ਦੀ ਲੋੜ ’ਤੇ ਜੋਰ ਦਿੱਤਾ ਜਾ ਰਿਹਾ ਹੈ।