ਬਰਨਾਲਾ: ਵਿਆਹ ਸਮਾਰੋਹ ਨਾਲ ਸਬੰਧਤ 12 ਕਾਰੋਬਾਰੀ ਸੰਗਠਨਾਂ ਵੱਲੋਂ ਬੁੱਧਵਾਰ ਨੂੰ ਇੱਕ ਫ਼ਰੰਟ ’ਤੇ ਇਕੱਠੇ ਹੋ ਕੇ ਪੂਰੇ ਬਰਨਾਲਾ ਸ਼ਹਿਰ ਵਿੱਚ ਰੋਸ ਰੈਲੀ ਕੱਢੀ ਗਈ। ਇਸ ਰੋਸ ਰੈਲੀ ਵਿੱਚ ਮੈਰਿਜ ਪੈਲੇਸ ਯੂਨੀਅਨ, ਹਲਵਾਈ ਯੂਨੀਅਨ, ਫ਼ੋਟੋਗ੍ਰਾਫ਼ਰ ਯੂਨੀਅਨ, ਸਾਊਂਡ ਤੇ ਡੈਕੋਰੇਸ਼ਨ ਯੂਨੀਅਨ, ਕੈਟਰਿੰਗ ਯੂਨੀਅਨ, ਬੈਂਡ ਬਾਜਾ ਯੂਨੀਅਨ, ਵੇਟਰ ਯੂਨੀਅਨ ਦੇ ਸੈਂਕੜੇ ਮੈਂਬਰ ਸ਼ਾਮਲ ਹੋਏ। ਇਹ ਰੋਸ ਰੈਲੀ ਮੋਟਰਸਾਈਕਲਾਂ ਅਤੇ ਕਾਰਾਂ ਰਾਹੀਂ ਪੂਰੇ ਬਰਨਾਲਾ ਸ਼ਹਿਰ ’ਚ ਕੱਢੀ ਗਈ। ਪ੍ਰਦਰਸ਼ਕਾਰੀਆਂ ਵੱਲੋਂ 6 ਮਹੀਨੇ ਤੋਂ ਆਪਣੇ ਕਾਰੋਬਾਰ ਬੰਦ ਹੋਣ ਕਾਰਨ ਪਈ ਮੰਦੀ ਕਾਰਨ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ ਗਿਆ।
ਵਿਆਹਾਂ ਨਾਲ ਸਬੰਧਤ ਕਾਰੋਬਾਰੀਆਂ ਨੇ ਬਰਨਾਲਾ ’ਚ ਕੱਢਿਆ ਰੋਸ ਮਾਰਚ ਇਸ ਮੌਕੇ ਪ੍ਰਦਰਸ਼ਨ ਕਰ ਰਹੇ ਮੈਰਿਜ ਪੈਲੇਸ ਦੇ ਪਿਆਰਾ ਲਾਲ ਰਾਏਸਰੀਆ, ਫ਼ੋਟੋਗ੍ਰਾਫ਼ਰ ਰਣਜੀਤ ਸਿੰਘ, ਟੈਂਟ ਐਸ਼ੋਸੀਏਸ਼ਨ ਦੇ ਰਵੀ ਬਾਂਸਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ 6 ਮਹੀਨਿਆਂ ਤੋਂ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਚੁੱਕਾ ਹੈ। ਵਿਆਹਾਂ ਨਾਲ ਸਬੰਧਤ ਜਿੰਨ੍ਹੇ ਵੀ ਕਾਰੋਬਾਰ ਹਨ, ਹਲਵਾਈ, ਕੈਟਰਿੰਗ, ਟੈਂਟ, ਵੇਟਰ, ਫ਼ੋਟੋਗ੍ਰਾਫ਼ਰ, ਪਾਰਲਰ, ਸੈਲੂਨ, ਮੈਰਿਜ ਪੈਲੇਸ ਸਾਰੇ ਖ਼ਤਮ ਹੋ ਚੁੱਕੇ ਹਨ। ਇਸੇ ਮੰਦੀ ਨੂੰ ਲੈ ਕੇ ਉਨ੍ਹਾਂ ਵੱਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਇਨ੍ਹਾਂ ਕਾਰੋਬਾਰਾਂ ਨੂੰ ਖੁੱਲ੍ਹ ਦਿੱਤੀ ਜਾਵੇ। ਕੇਂਦਰ ਸਰਕਾਰ ਵੱਲੋਂ ਮੈਰਿਜ ਪੈਲੇਜ ਵਿੱਚ 100 ਲੋਕਾਂ ਦੇ ਇਕੱਠ ਨੂੰ ਮਨਜ਼ੂਰੀ ਦਿੱਤੀ ਗਈ ਹੈ ਪਰ ਪੰਜਾਬ ਵਿੱਚ 30 ਲੋਕ ਹੀ ਇਕੱਠੇ ਹੋ ਸਕਦੇ ਹਨ। ਜਿਸ ਨੂੰ ਲੈ ਕੇ ਸਾਰੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਜਿਸ ਕਰਕੇ ਉਨ੍ਹਾਂ ਦੇ ਘਰਾਂ ਵਿੱਚ ਭੁੱਖਮਰੀ ਦੇ ਹਾਲਾਤ ਬਣਦੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਬਹੁਤੇ ਕਾਰੋਬਾਰੀ ਹਲਵਾਈ, ਫ਼ੋਟੋਗ੍ਰਾਫ਼ਰ, ਟੈਂਟ ਵਾਲੇ ਬਾਜ਼ਾਰਾਂ ਵਿੱਚ ਸ਼ਬਜ਼ੀਆਂ ਦੀਆਂ ਰੇਹੜੀਆਂ ਲਗਾਉਣ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਰੋਸ ਸਿਰਫ਼ ਸੰਕੇਤਕ ਰੂਪ ਵਿੱਚ ਸੀ। ਆਉਣ ਵਾਲੇ ਦਿਨਾਂ ਵਿੱਚ 25 ਅਤੇ 26 ਸਤੰਬਰ ਨੂੰ ਇਸ ਸਬੰਧੀ ਭੁੱਖ ਹੜਤਾਲ ’ਤੇ ਬੈਠਣਗੇ ਅਤੇ ਸੰਘਰਸ਼ ਤੇਜ਼ ਕਰਨਗੇ।
ਇਸ ਮੌਕੇ ਕਾਰੋਬਾਰੀਆਂ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸੂਦ ਨੇ ਕਿਹਾ ਕਿ ਉਨ੍ਹਾਂ ਦੇ ਕਾਰੋਬਾਰ ਬੰਦ ਹੋਣ ਕਾਰਨ ਸਰਕਾਰ ਦੇ ਖ਼ਜ਼ਾਨੇ ’ਤੇ ਵੀ ਮਾੜਾ ਅਸਰ ਪਿਆ ਹੈ। ਇਹ ਸਾਰੇ ਕਾਰੋਬਾਰ ਦੀ ਆਮਦਨ ਦਾ ਇੱਕ ਹਿੱਸਾ ਪੰਜਾਬ ਸਰਕਾਰ ਨੂੰ ਵੀ ਜਾਂਦੀ ਹੈ। ਜਿਸ ਕਰਕੇ ਜੀਐਸਟੀ, ਸੇਲ ਜਾਂ ਇਨਕਮ ਟੈਕਸ, ਐਕਸਾਈਜ਼ ਡਿਊਟੀ, ਪਾਣੀ, ਬਿਜਲੀ ਬਿੱਲ ਵੀ ਬੰਦ ਪਏ ਹਨ। ਜਲਦੀ ਹੀ ਇਹ ਸਾਰੇ ਕਾਰੋਬਾਰਾਂ ਨੂੰ ਨਾ ਖੋਲਿਆ ਤਾਂ ਸਰਕਾਰ ਨੂੰ ਵੱਡਾ ਨੁਕਸਾਨ ਹੋਵੇਗਾ।