ਬਰਨਾਲਾ:ਸਰਕਾਰ ਵੱਲੋਂ ਕੋਰੋਨਾਵਾਇਰਸ ਦੀ ਆੜ ਹੇਠ ਸਕੂਲ/ਕਾਲਜ ਬੰਦ ਖਿਲਾਫ਼ ਬਰਨਾਲਾ ਦੇ ਮਹਿਲ ਕਲਾਂ ਵਿਖੇ ਵਿਸ਼ਾਲ ਰੈਲੀ ਕਰਨ ਉਪਰੰਤ ਰੋਸ ਮੁਜ਼ਾਹਰਾ ਕਰਦਿਆਂ ਨਾਇਬ ਤਹਿਸੀਲਦਾਰ ਮਹਿਲ ਕਲਾਂ ਗੁਰਬੰਸ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਸਥਾਨਕ ਦਾਣਾ ਮੰਡੀ ਵਿਖੇ ਕੀਤੀ ਗਈ ਵਿਸ਼ਾਲ ਰੈਲੀ ‘ਚ ਸਕੂਲੀ ਬੱਚਿਆਂ ਦੇ ਮਾਪਿਆਂ ਅਤੇ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਜੁਗਰਾਜ ਸਿੰਘ ਹਰਦਾਸਪੁਰਾ,ਅਮਨਦੀਪ ਸਿੰਘ ਰਾਏਸਰ,ਮਲਕੀਤ ਸਿੰਘ ਈਨਾ ਅਤੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਕਿਹਾ ਕਿ ਇੱਕ ਪਾਸੇ ਤਾਂ ਵਿਧਾਨ ਸਭਾ ਚੋਣਾਂ ‘ਚ ਰਾਜਨੀਤਕ ਆਗੂ ਹਜ਼ਾਰਾਂ ਦੇ ਇਕੱਠ ਕਰ ਰਹੇ ਹਨ, ਵੱਡੇ-ਵੱਡੇ ਹੋਟਲ, ਸ਼ਰਾਬ ਦੇ ਠੇਕੇ/ਅਹਾਤੇ ਖੁੱਲ੍ਹੇ ਹਨ ਤੇ ਦੂਜੇ ਪਾਸੇ ਕੋਰੋਨਾ ਦੀ ਆੜ ਹੇਠ ਸਕੂਲ ਬੰਦ ਕਰਕੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਵਿਰਵੇ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਆਨਲਾਈਨ ਪੜ੍ਹਾਈ ਇੱਕ ਡਰਾਮੇ ਤੋਂ ਸਿਵਾਏ ਕੁੱਝ ਨਹੀਂ ਹੈ ਤੇ ਇਸ ਤਰ੍ਹਾਂ ਦੀ ਪੜ੍ਹਾਈ ਨਾਲ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਨਹੀਂ ਹੋ ਸਕਦਾ ਹੈ। ਨਾਲੀ ਹੀ ਉਨ੍ਹਾਂ ਕਿਹਾ ਕਿ ਗਰੀਬ ਕਿਸਾਨ,ਮਜ਼ਦੂਰ ਤਾਂ ਪਹਿਲਾਂ ਹੀ ਦੋ ਡੰਗ ਦੀ ਰੋਟੀ ਤੋਂ ਮੁਥਾਜ਼ ਹਨ ਤਾਂ ਅਜਿਹੇ ਵਿੱਚ ਉਹ ਆਪਣੇ ਦੋ,ਤਿੰਨ ਧੀਆਂ ਪੁੱਤਰਾਂ ਲਈ ਮਹਿੰਗੇ ਐਂਡਰਾਇਡ ਫੋਨ ਅਤੇ ਨੈੱਟ ਪੈਕ ਕਿਵੇਂ ਲੈ ਸਕਦੇ ਹਨ।