ਬਰਨਾਲਾ: ਭਦੌੜ ਵਿਖੇ ਇਲਾਕਾ ਵਾਸੀਆਂ ਵੱਲੋਂ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸ਼ਹਿਰ ਦੇ ਵਾਰਡ ਨੰਬਰ 5, ਮੁਹੱਲਾ ਸੂਏ ਵਾਲਾ ਵਿਖੇ ਇਕੱਠੀਆਂ ਹੋ ਔਰਤਾਂ ਨੇ ਫਾਈਨਾਂਸ ਕੰਪਨੀਆਂ ਖ਼ਿਲਾਫ਼ ਜਮ ਕੇ ਪ੍ਰਦਰਸ਼ਨ ਕੀਤਾ ਇਸ ਮੌਕੇ ਇਕੱਠੀਆਂ ਹੋਈਆਂ ਔਰਤਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਕੁੱਝ ਸਾਲ ਪਹਿਲਾਂ ਪ੍ਰਾਈਵੇਟ ਕੰਪਨੀਆਂ ਤੋਂ ਕੰਮ ਚਲਾਉਣ ਲਈ ਅਤੇ ਘਰਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਲੋਨ ਲਏ ਸਨ, ਜਿਨ੍ਹਾਂ ਦੀਆਂ ਕੰਪਨੀ ਵਾਲੇ ਸਾਡੇ ਤੋਂ ਹਫ਼ਤਾਵਰ ਕਿਸ਼ਤਾਂ ਲੈ ਰਹੇ ਸਨ। ਪਰ ਹੁਣ ਲੌਕਡਾਊਨ ਕਾਰਨ ਉਨ੍ਹਾਂ ਦੇ ਕੰਮ ਬਿਲਕੁਲ ਠੱਪ ਪਏ ਹਨ, ਜਿਸ ਕਾਰਨ ਹੁਣ ਉਹ ਕਿਸ਼ਤਾਂ ਭਰਨ ਦੇ ਅਸਮਰੱਥ ਹਨ।
ਉਨ੍ਹਾਂ ਕਿਹਾ ਕਿ ਸਬੰਧਿਤ ਕੰਪਨੀਆਂ ਦੇ ਏਜੰਟ ਉਨ੍ਹਾਂ ਨੂੰ ਕਿਸ਼ਤਾਂ ਭਰਨ ਲਈ ਧਮਕੀਆਂ ਦੇ ਰਹੇ ਹਨ ਅਤੇ ਜ਼ਲੀਲ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਏਜੰਟਾਂ ਵੱਲੋਂ ਕਿਸ਼ਤਾਂ ਨਾ ਭਰਨ ਦੀ ਸੂਰਤ ਵਿੱਚ ਘਰ ਦਾ ਸਮਾਨ ਚੁੱਕ ਕੇ ਲਿਜਾਣ ਦੇ ਡਰਾਵੇ ਵੀ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਔਰਤਾਂ ਨੇ ਤਾਂ ਅੱਧ ਤੋਂ ਜ਼ਿਆਦਾ ਲੋਨ ਦੀਆਂ ਕਿਸ਼ਤਾਂ ਵਾਪਿਸ ਵੀ ਕਰ ਦਿੱਤੀਆਂ ਹਨ।