ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਬਰਨਾਲਾ:ਬਰਨਾਲਾ ਦੇ ਸਰਕਾਰੀ ਜੱਚਾ-ਬੱਚਾ ਹਸਪਤਾਲ ਵਿੱਚ ਇੱਕ ਗਰਭਵਤੀ ਔਰਤ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਦੇ ਡਾਕਟਰਾਂ ਉਪਰ ਅਣਗਹਿਲੀ ਵਰਤਣ ਦੇ ਆਰੋਪ ਲਗਾਏ ਗਏ ਹਨ। ਮ੍ਰਿਤਕ ਦੇ ਇਨਸਾਫ਼ ਲਈ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਆਰੋਪੀ ਡਾਕਟਰਾਂ ਤੇ ਸਟਾਫ਼ ਵਿਰੁੱਧ ਕਾਰਵਾਈ ਦੀ ਮੰਗ ਕੀਤੀ, ਉੱਥੇ ਹਸਪਤਾਲ ਦੇ ਐਸ.ਐਮ.ਓ ਨੇ ਕਮੇਟੀ ਬਣਾ ਕੇ ਜਾਂਚ ਕਰਨ ਦੀ ਗੱਲ ਆਖੀ ਹੈ।
'ਸਰਕਾਰੀ ਹਸਪਤਾਲ ਦੇ ਮੁਲਾਜ਼ਮਾਂ ਨੇ ਅਲਟਰਾਸਾਊਂਡ ਕਰਨ ਤੋਂ ਕੀਤੀ ਸੀ ਨਾਂਹ':-ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦੀ ਗਰਭਵਤੀ ਬੇਟੀ ਦੀ ਅਚਾਨਕ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਉਸਨੂੰ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਚੈਕਅੱਪ ਕਰਨ ਤੋਂ ਬਾਅਦ ਉਸਦਾ ਅਲਟਰਾਸਾਊਂਡ ਕਰਵਾਉਣ ਲਈ ਕਿਹਾ। ਜਦੋਂ ਅਸੀਂ ਹਸਪਤਾਲ ਵਿੱਚ ਅਲਟਰਾਸਾਊਂਡ ਲਈ ਪੁੱਛਿਆ ਤਾਂ ਹਸਪਤਾਲ ਦੇ ਸਟਾਫ਼ ਨੇ ਦੱਸਿਆ ਕਿ ਅਲਟਰਾਸਾਊਂਡ ਸਵੇਰ ਸਮੇਂ ਹੋਵੇਗਾ। ਜਿਸ ਤੋਂ ਬਾਅਦ ਉਹ ਆਪਣੀ ਲੜਕੀ ਨੂੰ ਘਰ ਲੈ ਗਏ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀ ਸਵੇਰ ਹੋਣ ਉੱਤੇ ਉਹ ਮੁੜ ਆਪਣੀ ਲੜਕੀ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਲੈ ਕੇ ਆਏ। ਸਵੇਰ ਸਮੇਂ ਵੀ ਹਸਪਤਾਲ ਵਿੱਚ ਅਲਟਰਾਸਾਊਂਡ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਅਲਟਰਾਸਾਊਂਡ ਕਰ ਰਹੇ ਸਟਾਫ਼ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਅਤੇ ਅਲਟਰਾਸਾਊਂਡ ਕਰਨ ਤੋਂ ਇਨਕਾਰ ਕਰ ਦਿੱਤਾ।
ਉਹਨਾਂ ਦੀ ਲੜਕੀ ਦੀ ਸਿਹਤ ਜਿਆਦਾ ਖ਼ਰਾਬ ਹੋਣ ਕਰਕੇ ਉਹਨਾਂ ਨੇ ਮਜ਼ਬੂਰੀ ਬਸ ਹਸਪਤਾਲ ਤੋਂ ਬਾਅਦ ਪ੍ਰਾਈਵੇਟ ਸੈਂਟਰ ਤੋਂ ਅਲਟਰਾਸਾਊਂਡ ਕਰਵਾਇਆ। ਜਿਸ ਤੋਂ ਬਾਅਦ ਸਰਕਾਰੀ ਹਸਪਤਾਲ ਮੁੜ ਲੜਕੀ ਨੂੰ ਲੈ ਕੇ ਆਏ। ਪਰ ਇੱਥੇ ਕਿਸੇ ਡਾਕਟਰ ਜਾਂ ਸਟਾਫ਼ ਨੇ ਸਾਡੀ ਲੜਕੀ ਦਾ ਇਲਾਜ ਨਹੀਂ ਕੀਤਾ। ਡਾਕਟਰ ਮੋਬਾਇਲ ਫ਼ੋਨਾਂ ਨਾਲ ਜ਼ਰੂਰ ਲੱਗੇ ਰਹੇ, ਪਰ ਸਾਡੀ ਲੜਕੀ ਦਾ ਚੈਕਅੱਪ ਤੱਕ ਨਹੀਂ ਕੀਤਾ। ਜਿਸ ਤੋਂ ਬਾਅਦ ਦੁਪਹਿਰ ਸਮੇਂ ਉਹਨਾਂ ਦੀ ਲੜਕੀ ਦੀ ਤੜਫ਼ਦੇ-ਤੜਫ਼ਦੇ ਮੌਤ ਹੋ ਗਈ।
ਪਰਿਵਾਰ ਨੇ ਲੜਕੀ ਦੀ ਮੌਤ ਦਾ ਹਸਪਤਾਲ ਸਟਾਫ਼ ਨੂੰ ਠਹਿਰਾਇਆ ਜ਼ਿੰਮੇਵਾਰ:-ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਲੜਕੀ ਦੀ ਮੌਤ ਹੋਣ ਤੋਂ ਬਾਅਦ ਹਸਪਤਾਲ ਦੇ ਸਾਰੇ ਡਾਕਟਰ ਅਤੇ ਸਟਾਫ਼ ਇਕਦਮ ਇਕੱਠਾ ਹੋ ਗਿਆ ਅਤੇ ਇਲਾਜ ਲਈ ਡਰਾਮਾ ਕਰਨ ਦੀ ਕੋਸਿਸ਼ ਕੀਤੀ ਗਈ। ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਤੇ ਸਿਹਤ ਵਿਭਾਗ ਸਰਕਾਰੀ ਹਪਸਤਾਲ ਵਿੱਚ 24 ਘੰਟੇ ਇਲਾਜ ਦੇ ਦਾਅਵੇ ਕਰ ਰਿਹਾ ਹੈ, ਪਰ ਇੱਥੇ ਰਾਤ ਤਾਂ ਦੂਰ ਦੀ ਗੱਲ ਦਿਨ ਸਮੇਂ ਵੀ ਕੋਈ ਇਲਾਜ ਨਹੀਂ ਹੁੰਦਾ। ਉਹਨਾਂ ਕਿਹਾ ਕਿ ਸਾਡੀ ਲੜਕੀ ਦੀ ਮੌਤ ਲਈ ਹਸਪਤਾਲ ਦਾ ਅਲਟਰਾਸਾਊਂਡ ਵਾਲਾ ਸਟਾਫ਼ ਤੇ ਡਿਊਟੀ ਉੱਤੇ ਤੈਨਾਤ ਸਟਾਫ਼ ਜ਼ਿੰਮੇਵਾਰ ਹੈ। ਜਿਹਨਾਂ ਵਿਰੁੱਧ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਿਹਤ ਵਿਭਾਗ ਵੱਲੋਂ ਕਮੇਟੀ ਬਣਾ ਕੇ ਜਾਂਚ ਕਰਵਾਉਣ ਦੀ ਕਹੀ ਗੱਲ:-ਉੱਥੇ ਇਸ ਸਬੰਧੀ ਬਰਨਾਲਾ ਸਰਕਾਰੀ ਹਸਪਤਾਲ ਦੇ ਐਸ.ਐਮ.ਓ ਤਪਿੰਦਰਜੋਤ ਜੋਤ ਕੌਸ਼ਲ ਨੇ ਕਿਹਾ ਕਿ ਇੱਕ ਲੜਕੀ ਦੇ ਮੌਤ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ। ਇਸ ਸਬੰਧੀ ਵਿਭਾਗ ਵੱਲੋਂ ਇੱਕ ਕਮੇਟੀ ਬਣਾ ਕੇ ਇਸਦੀ ਜਾਂਚ ਕੀਤੀ ਜਾਵੇਗੀ। ਜੇਕਰ ਜਾਂਚ ਵਿੱਚ ਕੋਈ ਡਾਕਟਰ ਜਾਂ ਸਟਾਫ਼ ਜ਼ਿੰਮੇਵਾਰ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।