ਬਰਨਾਲਾ: ਵੱਧ ਰਹੀ ਮਹਿੰਗਾਈ ਜਿਥੇ ਆਮ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ, ਉਥੇ ਹੀ ਕੱਚੇ ਘਰਾਂ 'ਚ ਰਹਿ ਰਹੇ ਲੋਕਾਂ ਦੀ ਜ਼ਿੰਦਗੀ ਵੀ ਮੁਹਾਲ ਬਣੀ ਹੋਈ ਹੈ। ਜਿਸ ਨੂੰ ਲੈਕੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਬਾਂਹ ਫੜੀ ਜਾ ਰਹੀ ਹੈ। ਇਸ ਦੇ ਤਹਿਤ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਲੈਕੇ ਬਰਨਾਲਾ 'ਚ ਕੱਚੇ ਘਰਾਂ 'ਚ ਰਹਿ ਰਹੇ ਲੋਕਾਂ ਨੂੰ ਪੱਕੀ ਛੱਤ ਨਸੀਬ ਹੋਈ ਹੈ, ਜਿਸ ਨੂੰ ਲੈਕੇ ਉਨ੍ਹਾਂ ਵਲੋਂ ਸਰਕਾਰ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ।
ਘਰ ਦੀ ਪੱਕੀ ਛੱਤ ਨਸੀਬ ਹੋਣ 'ਤੇ ਲਾਭਪਾਤਰੀਆਂ ਦਾ ਕਹਿਣਾ ਕਿ ਮੀਂਹ, ਹਨੇਰੀ, ਝੱਖੜ 'ਚ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਤੋਂ ਉਨ੍ਹਾਂ ਨੂੰ ਹੁਣ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਹੋਰ ਲੋਕ ਜੋ ਇਸ ਸਕੀਮ 'ਚ ਅਜੇ ਸ਼ਾਮਲ ਨਹੀਂ ਹੋਏ ਉਨ੍ਹਾਂ ਨੂੰ ਵੀ ਆਸ ਹੈ ਕਿ ਜਲਦ ਹੀ ਉਨ੍ਹਾਂ ਨੂੰ ਵੀ ਪੱਕੀ ਛੱਤ ਨਸੀਬ ਹੋਵੇਗੀ।
ਇਸ ਸਬੰਧੀ ਜ਼ਿਲ੍ਹੇ ਦੇ ਡੀ.ਸੀ ਦਾ ਕਹਿਣਾ ਕਿ ਸਰਕਾਰ ਦੀਆਂ ਸਹੂਲਤਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਵਲੋਂ ਪਹਿਲਕਦਮੀ ਕੀਤੀ ਜਾ ਰਹੀ ਹੈ। ਜਿਸਦੇ ਤਹਿਤ ਬਰਨਾਲਾ ਜ਼ਿਲ੍ਹੇ 'ਚ ਹੁਣ ਤੱਕ 217 ਘਰ ਸੈਂਕਸ਼ਨ ਹੋ ਚੁੱਕੇ ਹਨ। ਜਿਹਨਾਂ ਨੂੰ ਬਣਾ ਕੇ ਕੰਪਲੀਟ ਕੀਤਾ ਜਾ ਚੁੱਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਯੋਗ ਲੋਕ ਇਸ ਸਕੀਮ ਤੋਂ ਰਹਿ ਗਏ ਹਨ, ਜਲਦ ਹੀ ਉਨ੍ਹਾਂ ਦਾ ਨੰਬਰ ਵੀ ਆਏਗਾ ਤੇ ਘਰ ਦੀ ਪੱਕੀ ਛੱਤ ਨਸੀਬ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਹਰ ਯੋਗ ਕੰਮ ਕੀਤੇ ਜਾ ਰਹੇ ਹਨ।
ਜਿਕਰੇਖਾਸ ਹੈ ਕਿ ਅਜਿਹੀ ਮਹਿੰਗਾਈ 'ਚ ਆਰਥਿਕ ਪੱਖੋਂ ਲੋਕਾਂ ਨੂੰ ਪਹਿਲਾਂ ਹੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਰਕਾਰ ਦੀ ਇਸ ਸਕੀਮ ਨਾਲ ਲੋਕਾਂ ਨੂੰ ਜਿਥੇ ਪੱਕੇ ਘਰ ਮਿਲ ਰਹੇ ਹਨ ਉਥੇ ਹੀ ਉਨ੍ਹਾਂ ਨੂੰ ਕੁਝ ਰਾਹਤ ਵੀ ਮਿਲ ਰਹੀ ਹੈ ।
ਇਹ ਵੀ ਪੜ੍ਹੋ:ਭਗਵੰਤ ਮਾਨ ਨੇ ਮੁੱਖ ਮੰਤਰੀ ਤੋਂ ਮੰਗੇ ਕਿਹੜੇ ਸਵਾਲਾਂ ਦੇ ਜਵਾਬ ?