ਬਰਨਾਲਾ: ਪਾਵਰਕਾਮ ਦੀਆਂ ਸਮੁੱਚੀਆਂ ਜਥੇਬੰਦੀਆਂ ਅਤੇ ਸੂਬਾ ਕਮੇਟੀਆਂ ਦੇ ਸੱਦੇ ਉੱਤੇ ਪਾਵਰਕਾਮ ਦੇ ਮੁੱਖ ਦਫਤਰ ਅੱਗੇ ਵਿਸ਼ਾਲ ਰੈਲੀ ਕੀਤੀ ਗਈ। ਦੱਸ ਦਈਏ ਇਹ ਰੈਲੀ ਮੁਲਾਜ਼ਮਾਂ ਉੱਪਰ ਦਰਜ ਕੀਤੇ ਪਰਚਿਆਂ ਦੇ ਰੋਸ ਵਜੋਂ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ CRA 295/19 ਰਾਹੀਂ ਭਰਤੀ ਸਹਾਇਕ ਲਾਈਨ ਮੈਨਾਂ ਉੱਤੇ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਤਾਜ਼ਾ ਮੁਕੱਦਮਿਆਂ ਦੇ ਵਿਰੋਧ ਵਿੱਚ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ 9 ਮਾਰਚ ਤੋਂ ਇਹ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਅਤੇ ਅੱਜ ਪਹਿਲੇ ਪੜਾਅ ਦਾ ਆਖਰੀ ਦਿਨ ਹੈ। ਉਨ੍ਹਾਂ ਕਿਹਾ ਪਰਚੇ ਰੱਦ ਨਾ ਹੋਣ ਉੱਤੇ ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਜਿੱਤ ਤੱਕ ਲਿਜਾਣ ਲਈ ਹੋਰ ਤੇਜ਼ ਕੀਤਾ ਜਾਵੇਗਾ ।
ਆਊਟਸੋਰਸਿੰਗ ਅਤੇ ਠੇਕੇਦਾਰੀ ਸਿਸਟਮ: ਇਸ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੈਨਸ਼ਨਰ ਯੂਨੀਅਨ ਦੇ ਆਗੂ ਸੁਖਜੰਟ ਸਿੰਘ ਬਰਨਾਲਾ ਨੇ ਕਿਹਾ ਕਿ ਸਰਕਾਰ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਪਾਵਰਕੌਮ ਕੰਪਨੀਆਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਨਵੀਂ ਭਰਤੀ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਊਟਸੋਰਸਿੰਗ ਅਤੇ ਠੇਕੇਦਾਰੀ ਸਿਸਟਮ ਦੀ ਨੀਤੀ ਨੂੰ ਲਾਗੂ ਕਰਦਿਆਂ ਕੱਚੇ ਕਾਮਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਥਾਂ ਉਨ੍ਹਾਂ ਦੀ ਛਾਂਟੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਇਸ ਵਰਤਾਰੇ ਨਾਲ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਰਨਾਂ ਆਗੂਆਂ ਤੋ ਇਲਾਵਾ ਹਰਜਿੰਦਰ ਸਿੰਘ ਐਮ ਓ ਯੂ , ਜਰਨੈਲ ਸਿੰਘ ਭਗਤਪੁਰਾ ਮੌੜ ਨੇ ਵੀ ਸੰਬੋਧਨ ਕੀਤਾ ਅੰਤ ਵਿੱਚ ਰੋਸ ਰੈਲੀ ਦੀ ਪ੍ਰਧਾਨਗੀ ਕਰਦੇ ਹੋਏ ਕੁਲਵੀਰ ਸਿੰਘ ਔਲਖ ਸਰਕਲ ਆਗੂ ਨੇ ਕਿਹਾ ਕਿ ਅੱਜ ਆਪਾਂ ਸੰਘਰਸ਼ ਦੇ ਪਹਿਲੇ ਪੜਾਅ ਨੂੰ ਦ੍ਰਿੜ ਇਰਾਦੇ ਨਾਲ ਸਫ਼ਲਤਾ ਪੂਰਵਕ ਪੂਰਾ ਕਰ ਲਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਟੇਟ ਕਮੇਟੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਨਵੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਜਿਸ ਲਈ ਸਾਰੇ ਸਾਥੀਆ ਨੂੰ ਤਿਆਰ ਰਹਿਣਾ ਚਾਹੀਦਾ ਹੈ।