ਬਰਨਾਲਾ :ਝੋਨੇ ਦੀ ਲਵਾਈ ਦਾ ਸੀਜ਼ਨ ਪੰਜਾਬ ਭਰ ਵਿੱਚ ਜਾਰੀ ਹੈ ਪਰ ਝੋਨੇ ਦੀ ਫ਼ਸਲ ਸਬੰਧੀ ਪੰਜਾਬ ਸਰਕਾਰ ਵਲੋਂ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਤੋਂ ਕਿਸਾਨ ਨਿਰਾਸ਼ ਹਨ। ਪਿੰਡਾਂ ਵਿੱਚ ਲਗਾਤਾਰ ਖੇਤਾਂ ਵਾਲੀ ਬਿਜਲੀ ਦੇ ਪਾਵਰਕੱਟ ਲੱਗਣ ਕਾਰਨ ਕਿਸਾਨਾਂ ਨੂੰ ਫ਼ਸਲ ਲਗਾਉਣ ਅਤੇ ਪਾਲਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਕੱਟਾਂ ਨੂੰ ਲੈ ਕੇ ਅੱਜ ਜ਼ਿਲੇ ਵਿੱਚ ਵੱਖ ਵੱਖ ਥਾਵਾਂ ’ਤੇ ਕਿਸਾਨ ਜੱਥੇਬੰਦੀਆਂ ਵਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਮਹਿਲ ਕਲਾਂ ਇਲਾਕੇ ਦੇ ਕਿਸਾਨਾਂ ਨੂੰ ਨਾਲ ਲੈ ਕੇ ਚੰਨਣਵਾਲ ਬਿਜਲੀ ਗਰਿੱਡ ਦਾ ਘਿਰਾਉ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਸਰਕਾਰ ਹਰ ਵਾਰ 8 ਘੰਟੇ ਬਿਜਲੀ ਝੋਨੇ ਲਈ ਸਪਲਾਈ ਦੇਣ ਦਾ ਭਰੋਸਾ ਦਿੰਦੀ ਹੈ, ਪਰ ਝੋਨਾ ਲਗਾਉਣ ਮੌਕੇ ਵਾਅਦਾਖਿਲਾਫ਼ੀ ਕਰਦਿਆਂ ਬਿਜਲੀ ਕੱਟ ਲਗਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕੱਟ ਲੱਗਣ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਝੋਨਾ ਲਗਾਇਆ ਅਤੇ ਪਾਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਜੇ ਤਾਂ ਝੋਨੇ ਦੀ ਫ਼ਸਲ ਲੱਗੀ ਵੀ ਨਹੀਂ। ਜੇਕਰ ਸ਼ੁਰੂ ਵਿੱਚ ਬਿਜਲੀ ਦੇ ਇਹ ਹਾਲਾਤ ਹਨ ਅਤੇ ਫ਼ਸਲ ਪੱਕਣ ’ਚ ਬਹੁਤ ਸਮਾਂ ਲੱਗਣਾ ਹੈ। ਜਿਸ ਕਰਕੇ ਸਰਕਾਰ ਬਿਜਲੀ ਸਪਲਾਈ ਨਿਰਵਿਘਨ ਕਰੇ ਤਾਂ ਕਿ ਕਿਸਾਨਾਂ ਨੂੰ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਪਾਵਰਕਾਮ ਦੇ ਐਸਡੀਓ ਨੇ ਪਹੁੰਚ ਕੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੇਣ ਦਾ ਭਰੋਸਾ ਦਿੱਤਾ, ਜਿਸਤੋਂ ਬਾਅਦ ਕਿਸਾਨਾਂ ਵਲੋਂ ਧਰਨਾ ਚੁੱਕਿਆ ਗਿਆ।
ਇਸੇ ਤਰਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧਾਂ ਤੋਂ ਦੁਖੀ ਹੋ ਕੇ ਪਾਵਰਕਾਮ ਦੇ ਐਸਈ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਬਲਵੰਤ ਸਿੰਘ ਉੱਪਲੀ ਅਤੇ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੇ ਕਿਹਾ ਕਿ ਪਾਵਰਕਾਮ ਦੀ ਮਨੇਜਮੈਂਟ ਇੱਕ ਪਾਸੇ ਦਮਗਜੇ ਮਾਰਦੀ ਹੈ ਕਿ ਬਿਜਲੀ ਅਧਿਕਾਰੀ 24 ਘੰਟੇ ਹਾਜ਼ਰ ਰਹਿਣਗੇ। ਦੂਜੇ ਪਾਸੇ ਸੈਂਕੜੇ ਕਿਸਾਨਾਂ ਦਾ ਵਫਦ ਲੈ ਕੇ ਜਦ ਕਿਸਾਨ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਐਸ.ਈ ਬਰਨਾਲਾ ਨੂੰ ਮਿਲਣ ਲਈ ਪੁੱਜੇ ਤਾਂ ਅੱਗੋਂ ਗੇਟ ਉੱਪਰ ਜਿੰਦਰਾ ਲਮਕ ਰਿਹਾ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜਨ ਵਿੱਚ ਖੇਤੀਬਾੜੀ ਲਈ 8 ਘੰਟੇ ਨਿਰਵਿਘਨ ਸਪਲਾਈ ਦੇਣ ਦੇ ਵਾਅਦੇ ਕਾਗਜਾਂ ਦਾ ਸ਼ਿੰਗਾਰ ਬਣਕੇ ਰਹਿ ਗਏ ਹਨ। ਇੱਕ ਪਾਸੇ ਗਰਮੀ ਦਾ ਕਹਿਰ ਜੋਰਾਂ ’ਤੇ ਹੈ, ਤਾਪਮਾਨ 45 ਡਿਗਰੀ ਨੂੰ ਪਹੁੰਚ ਗਿਆ ਹੈ। ਦੂਜੇ ਪਾਸੇ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ 5 ਤੋਂ 6 ਘੰਟੇ ਉਹ ਵੀ ਕੱਟ ਮਾਰ-ਮਾਰ ਕੇ ਦਿੱਤੀ ਜਾ ਰਹੀ ਹੈ। ਇੱਕ ਕਿਸਾਨ ਨੂੰ ਇੱਕ ਘੰਟੇ ਵਿੱਚ 500 ਰੁਪਏ ਦਾ ਡੀਜਲ ਫੂਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹਰ ਰੋਜ ਇੱਕ ਕਿਸਾਨ ਬਿਜਲੀ ਬੋਰਡ ਦੀ ਅਣਗਹਿਲੀ ਕਾਰਨ ਹਜਾਰਾਂ ਰੁਪਏ ਦਾ ਡੀਜਲ ਫੂਕਣ ਲਈ ਮਜਬੂਰ ਹੈ। ਪੰਜਾਬ ਅੰਦਰ 14.5 ਲੱਖ ਟਿਊਬੈਲ ਚੱਲ ਰਹੇ ਹਨ।
ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੀ ਕਿਸਾਨੀ ਹਰ ਰੋਜ 145 ਕਰੋੜ ਰੁਪਏ ਦਾ ਵਾਧੂ ਬੋਝ ਉਠਾਉਣਾ ਪੈ ਰਿਹਾ ਹੈ। ਦੂਜੇ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਡੀਜਲ ਉੱਪਰ ਕੀਮਤ ਨਾਲੋਂ ਦੁੱਗਣੇ ਟੈਕਸ ਵਸੂਲ ਕੇ ਅੰਨੀ ਲੁੱਟ ਮਚਾਈ ਹੋਈ ਹੈ। ਕਿਸਾਨ ਆਗੂਆਂ ਪਾਵਰਕੌਮ ਮਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਭਾਵੇਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਮੋਰਚੇ ਵੱਲ ਪੂਰਾ ਧਿਆਨ ਕੇਂਦਰਤ ਕੀਤਾ ਹੋਇਆ ਹੈ, ਪਰ ਜੇਕਰ ਮਨੇਜਮੈਂਟ ਨੇ ਖੇਤੀਬਾੜੀ ਲਈ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦੇਣ ਦਾ ਜਲਦ ਪ੍ਰਬੰਧ ਨਾਂ ਕੀਤਾ ਤਾਂ ਪਾਵਰਕੌਮ ਦੇ ਉੱਚ ਅਧਿਕਾਰੀਆਂ ਦੇ ਘਿਰਾਓ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਜਿਸ ਦੀ ਸਮੁੱਚੀ ਜਿੰਮੇਵਾਰੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਪਾਵਰਕੌਮ ਦੀ ਮਨੇਜਮੈਂਟ ਦੀ ਹੋਵੇਗੀ। ਇਸ ਸਮੇਂ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।
ਇਹ ਵੀ ਪੜ੍ਹੋ :ਬਰਨਾਲਾ ’ਚ ਇੱਕ ਪਰਿਵਾਰ ਦੇ ਤਿੰਨ ਪੜ੍ਹੇ ਲਿਖੇ ਜੀਅ ਲਗਾ ਰਹੇ ਝੋਨਾ