ਬਰਨਾਲਾ: ਬੇਸ਼ੱਕ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਫਰੀ ਬਿਜਲੀ ਦੇਣ ਦਾ ਵੱਡਾ ਮੁੱਦਾ ਲੈ ਕੇ ਪੰਜਾਬ ਵਿੱਚ ਸਰਕਾਰ ਬਣਾਈ ਹੈ ਅਤੇ ਹੁਣ ਵੀ ਹਰ ਪਰਿਵਾਰ ਨੂੰ 300 ਯੂਨਿਟ ਹਰ ਮਹੀਨੇ ਫਰੀ ਦੇਣ ਦਾ ਵਾਅਦਾ ਪੂਰਾ ਕੀਤਾ ਹੈ ਪਰ ਇਸ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਮਾਮਲਾ ਭਦੌੜ ਦੇ ਨਾਨਕਸਰ ਰੋਡ ਤੋਂ ਸਾਹਮਣੇ ਆਇਆ ਹੈ ਜੋ ਕਿ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਭਗਵਾਨ ਸਿੰਘ ਪੁੱਤਰ ਬਚਨ ਸਿੰਘ ਨੂੰ ਬਿਜਲੀ ਬੋਰਡ ਵੱਲੋਂ 5 ਲੱਖ 88 ਹਜਾਰ ਰੁਪਏ ਦਾ ਬਿਜਲੀ ਬਿੱਲ ਭੇਜ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਪ੍ਰੇਸ਼ਾਨੀ ਵਿਚ ਚੱਲ ਰਿਹਾ ਹੈ।
ਗਰੀਬ ਪਰਿਵਾਰ ਇੰਝ ਕਰ ਰਿਹਾ ਹੈ ਗੁਜ਼ਾਰਾ: ਜਾਣਕਾਰੀ ਦਿੰਦਿਆਂ ਭਗਵਾਨ ਸਿੰਘ ਨੇ ਕਿਹਾ ਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ ਅਤੇ ਉਨ੍ਹਾਂ ਦੇ ਘਰ ਕੋਈ ਏਸੀ ਵਗੈਰਾ ਵੀ ਨਹੀਂ ਲੱਗਿਆ ਹੈ ਅਤੇ ਉਨ੍ਹਾਂ ਦਾ ਮੀਟਰ ਬਾਦਲ ਸਰਕਾਰ ਤੋਂ ਲੈ ਕੇ ਹੁਣ ਤੱਕ ਫਰੀ ਬਿਜਲੀ ਵਾਲਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਮਹੀਨਿਆਂ ਤੋਂ ਬਿਜਲੀ ਰੀਡਿੰਗ ਕਰਨ ਵਾਲਾ ਲੜਕਾ ਉਨ੍ਹਾਂ ਨੂੰ ਬਿਜਲੀ ਦਾ ਬਿੱਲ ਨਹੀਂ ਦੇ ਰਿਹਾ ਸੀ ਅਤੇ ਕਈ ਵਾਰ ਉਨ੍ਹਾਂ ਵੱਲੋਂ ਬਿਜਲੀ ਦਾ ਬਿੱਲ ਮੰਗਿਆ ਗਿਆ ਤਾਂ ਰੀਡਿੰਗ ਵਾਲਾ ਲੜਕਾ ਕਹਿੰਦਾ ਕਿ ਤੁਹਾਡੇ ਤਾਂ ਯੂਨਿਟਾਂ ਹੀ ਕੁਝ ਖ਼ਾਸ ਨਹੀਂ ਮੱਚ ਰਹੀਆਂ ਇਸ ਕਾਰਨ ਤੁਹਾਡਾ ਬਿੱਲ ਹੀ ਨਹੀਂ ਬਣਦਾ ਅਤੇ ਉਸ ਤੋਂ ਬਾਅਦ ਬਿਜਲੀ ਬੋਰਡ ਵੱਲੋਂ ਖ਼ੁਦ ਹੀ ਸਾਡਾ ਬਿਜਲੀ ਮੀਟਰ ਖੜਾ ਹੈ ਅਤੇ ਚੱਲ ਨਹੀਂ ਰਿਹਾ ਕਹਿ ਕੇ ਨਵਾਂ ਮੀਟਰ ਲਗਾ ਦਿੱਤਾ ਜਿਸ ਤੋਂ ਬਾਅਦ ਪਹਿਲੇ ਹੀ ਬਿਜਲੀ ਬਿੱਲ ’ਤੇ ਉਨ੍ਹਾਂ ਨੂੰ ਬਿਜਲੀ ਮਹਿਕਮੇ ਵੱਲੋਂ 5 ਲੱਖ 88 ਹਜ਼ਾਰ 220 ਰੁਪਏ ਦਾ ਬਿੱਲ ਭੇਜ ਦਿੱਤਾ।
160 ਯੂਨਿਟਾਂ ਦਾ 5 ਲੱਖ ਤੋਂ ਵੱਧ ਦਾ ਬਿੱਲ:ਉਹ ਖ਼ੁਦ ਅਨਪੜ੍ਹ ਹੋਣ ਕਾਰਨ ਜਦੋਂ ਉਨ੍ਹਾਂ ਨੇ ਬਿਜਲੀ ਦਾ ਬਿੱਲ ਪਰਿਵਾਰਕ ਮੈਂਬਰਾਂ ਨੂੰ ਅਤੇ ਬਾਹਰ ਬੁੱਧੀਜੀਵੀ ਵਰਗ ਨੂੰ ਦਿਖਾਇਆ ਤਾਂ ਉਨ੍ਹਾਂ ਵੱਲੋਂ ਬਿੱਲ ਦੀਆਂ ਯੂਨਿਟਾਂ ਸਿਰਫ 160 ਮੱਚਣ ਅਤੇ ਕੀਮਤ 5 ਲੱਖ 88 ਹਜਾਰ ਦੱਸਣ ’ਤੇ ਉਹ ਹੈਰਾਨ ਰਹਿ ਗਏ। ਉਨ੍ਹਾਂ ਕਿਹਾ ਕਿ ਪੰਜ ਲੱਖ ਦੀ ਬਿਜਲੀ ਤਾਂ ਮੈਂ ਪੂਰੀ ਜ਼ਿੰਦਗੀ ਵਿੱਚ ਹੁਣ ਤੱਕ ਨਹੀਂ ਵਰਤੀ ਪਰ ਪਤਾ ਨਹੀਂ ਕਿਸ ਤਰ੍ਹਾਂ ਉਨ੍ਹਾਂ ਨੂੰ ਬਿਜਲੀ ਬੋਰਡ ਵੱਲੋਂ ਇਹ ਬਿੱਲ ਭੇਜਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਬਾਅਦ ਉਹ ਬਿਜਲੀ ਗਰਿੱਡ ਬਰਨਾਲਾ ਰੋਡ ’ਤੇ ਭਦੌੜ ਚਲੇ ਗਏ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਸ ਬਿੱਲ ਸਬੰਧੀ ਇਕ ਅਰਜ਼ੀ ਲਿਖ ਕੇ ਬਰਨਾਲਾ ਦੇ ਦਫ਼ਤਰ ਵਿਖੇ ਦੇ ਕੇ ਆਉਣ ਲਈ ਕਿਹਾ ਜਿਸ ਤੋਂ ਬਾਅਦ ਉਨ੍ਹਾਂ ਨੇ ਬਿੱਲ ਮੁਆਫੀ ਲਈ ਅਰਜ਼ੀ ਲਿਖ ਕੇ ਬਰਨਾਲਾ ਦੇ ਦਫਤਰ ਵਿਖੇ ਦੇ ਦਿੱਤੀ ਹੈ ਅਤੇ ਹੁਣ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦਾ ਬਿੱਲ ਮੁਆਫ਼ ਕਰਨ ਸਬੰਧੀ ਅਜੇ ਤੱਕ ਕੋਈ ਵੀ ਉਨ੍ਹਾਂ ਕੋਲ ਅਧਿਕਾਰੀ ਨਹੀਂ ਪਹੁੰਚਿਆ ਹਾਲਾਂਕਿ ਦਫਤਰਾਂ ਦੇ ਚੱਕਰ ਕੱਟਣ ਵਿੱਚ ਉਨ੍ਹਾਂ ਦੇ ਕਈ ਦਿਨ ਖ਼ਰਾਬ ਹੋ ਗਏ ਹਨ।