ਬਰਨਾਲਾ: ਪੰਜਾਬ ਸਰਕਾਰ ਵੱਲੋਂ ਜਿੱਥੇ ਤੰਦਰੁਸਤ ਮੁਹਿੰਮ ਚਲਾ ਕੇ ਲੋਕਾਂ ਨੂੰ ਤੰਦਰੁਸਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਹਲਾਤ ਇਸ ਦੇ ਬਿਲਕੁੱਲ ਉਲਟ ਹਨ। ਬਰਨਾਲਾ ਦੇ ਪਿੰਡ ਰਾਮਗੜ੍ਹ ਵਿਖੇ ਸਥਿਤ ਸਿਹਤ ਸਬ ਸੈਂਟਰ ਦੀ ਇਮਾਰਤ ਖ਼ਸਤਾ ਹੋ ਚੁੱਕੀ ਹੈ।
ਸਿਹਤ ਸਬ-ਸੈਂਟਰ ਖ਼ੁਦ ਹੋਇਆ ਬਿਮਾਰ ਰਾਮਗੜ੍ਹ ਦੇ ਇਸ ਸਬ ਸੈਂਟਰ 'ਚ ਜੱਚਾ-ਬੱਚਾ ਦਾ ਇਲਾਜ ਕੀਤਾ ਜਾਂਦਾ ਹੈ। ਇਮਾਰਤ ਦੀ ਮਾੜੀ ਹਾਲਤ ਹੋਣ ਦੇ ਬਾਵਜੂਦ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਇਮਾਰਤ ਦੀ ਦੀਵਾਰਾਂ ਕਿਸੇ ਵੀ ਸਮੇਂ ਢਹਿ ਸਕਦੀਆਂ ਹਨ, ਸੈਂਟਰ ਦੇ ਅੰਦਰ ਲੱਗੇ ਦਰਵਾਜੇ ਵੀ ਮਾੜੀ ਹਾਲਤ 'ਚ ਹਨ। ਪਿੰਡ ਵਾਸੀਆਂ ਵੱਲੋਂ ਇਸ ਇਮਾਰਤ ਨੂੰ ਅਪਗ੍ਰੇਡ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਇਸ ਸਬ ਸੈਂਟਰ 'ਚ ਗਰਭਵਤੀ ਔਰਤਾਂ ਤੇ 0-5 ਸਾਲ ਤੱਕ ਦੇ ਬੱਚਿਆਂ ਦਾ ਇਲਾਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸੈਂਟਰ ਦੀ ਇਮਾਰਤ ਇੰਨੀ ਕੁ ਖ਼ਰਾਬ ਹੋ ਚੁੱਕੀ ਹੈ ਕਿ ਇਥੇ ਕਿਸੇ ਸਮੇਂ ਵੀ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਿਨ ਸਿਹਤ ਵਿਭਾਗ ਦੀ ਟੀਮ ਨੇ ਠੰਡ ਹੋਣ ਦੇ ਵਾਬਜੂਦ ਸੈਂਟਰ ਦੇ ਬਾਹਰ ਬੈਠ ਕੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ।
ਇਸ ਸਬ ਸੈਂਟਰ 'ਚ ਕੰਮ ਕਰਨ ਵਾਲੀ ਆਸ਼ਾ ਵਰਕਰ ਨੇ ਦੱਸਿਆ ਕਿ ਇਸ ਇਮਾਰਤ ਨੂੰ ਬਣੇ 20 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ। ਇਮਾਰਤ ਦੀ ਛੱਤ ਦਾ ਲੈਂਟਰ ਹੇਠਾਂ ਡਿੱਗ ਰਿਹਾ ਹੈ ਤੇ ਦਰਵਾਜ਼ਿਆਂ ਨੂੰ ਸਿਊਂਕ ਲੱਗ ਚੁੱਕੀ ਹੈ। ਇਸ 'ਤੇ ਸਿਹਤ ਵਿਭਾਗ ਵੱਲੋਂ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ, ਇਸ ਲਾਪਰਵਾਹੀ ਦੇ ਚਲਦੇ ਇਥੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪਿੰਡ ਵਾਸੀਆਂ ਵਲੋਂ ਇਸ ਸਬ ਸੈਂਟਰ ਨੂੰ ਅਪਗ੍ਰੇਡ ਕਰਕੇ ਨਵੀਂ ਇਮਾਰਤ ਬਨਾਉਣ ਦੀ ਮੰਗ ਕੀਤੀ ਜਾ ਰਹੀ ਹੈ।