ਬਰਨਾਲਾ: ਤ੍ਰਿਮੂਲ ਕਾਂਗਰਸ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀ ਵਧਾ ਦਿੱਤੀ ਗਈ ਹੈ। ਪਾਰਟੀ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਮੋਹਾਲੀ ਬਰਨਾਲਾ ਪਹੁੰਚੇ। ਉਹਨਾਂ ਵਲੋਂ ਬਰਨਾਲਾ ਦੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਬਕਾ ਚੇਅਰਮੈਨ ਅਤੇ ਸਟੇਟ ਐਵਾਰਡੀ ਭੌਲਾ ਸਿੰਘ ਵਿਰਕ ਨਾਲ ਮੁਲਾਕਾਤ ਕੀਤੀ ਗਈ। ਜਿਸਨੇ ਬਰਨਾਲਾ ਦੀ ਸਿਆਸਤ ਵਿੱਚ ਮੁੜ ਨਵੀਂ ਚਰਚਾ ਛੇੜ ਦਿੱਤੀ ਹੈ।
ਸੂਬਾ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਪਾਰਟੀ ਵਲੋਂ ਇਮਾਨਦਾਰ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ। ਇਸੇ ਤਹਿਤ ਹੀ ਭੋਲਾ ਸਿੰਘ ਵਿਰਕ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਉਹਨਾਂ ਨੂੰ ਪਾਰਟੀ ਦਾ ਹਿੱਸਾ ਬਨਣ ਦਾ ਸੱਦਾ ਦਿੱਤਾ ਹੈ। ਉਥੇ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਆਪਣੇ ਸਿਆਸੀ ਭਵਿੱਖ ਦਾ ਫ਼ੈਸਲਾ ਆਪਣੇ ਵਰਕਰਾਂ ਨਾਲ ਰਾਇ ਤੋਂ ਬਾਅਦ ਲੈਣਗੇ।
ਇਸ ਮੌਕੇ ਤ੍ਰਿਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਮੋਹਾਲੀ ਨੇ ਕਿਹਾ ਕਿ ਪੰਜਾਬ ਦੀਆਂ 2022 ਚੋਣਾਂ ਪਾਰਟੀ ਵਲੋਂ ਲੜੀਆਂ ਜਾਣਗੀਆਂ। ਜਿਸ ਲਈ ਪਾਰਟੀ ਦਾ ਮੁੱਖ ਏਜੰਡਾ ਪੰਜਾਬ ਨੂੰ ਨਸ਼ਾ ਅਤੇ ਭ੍ਰਿਸ਼ਟਾਚਾਰ ਮੁਕਤ ਕਰਨਾ ਹੈ। ਇਸ ਲਈ ਪੰਜਾਬ ਭਰ ਵਿੱਚ ਇਮਾਨਦਾਰ ਵਿਰਤੀ ਵਾਲੇ ਲੋਕਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਉਹ ਬਰਨਾਲਾ ਵਿਖੇ ਭੋਲਾ ਸਿੰਘ ਵਿਰਕ ਨੂੰ ਮਿਲਣ ਪਹੁੰਚੇ ਹਨ। ਉਹਨਾਂ ਕਿਹਾ ਕਿ ਪਾਰਟੀ ਸੁਪਰੀਮ ਮਮਤਾ ਬੈਨਰਜੀ ਖ਼ੁਦ ਇਮਾਨਦਾਰ ਹਸਤੀ ਹਨ। ੳਹਨਾਂ ਦੀ ਅਗਵਾਈ ਵਿੱਚ ਚੋਣਾਂ ਲੜੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸਾਡੀ ਪਾਰਟੀ ਦਾ ਮੁੱਖ ਏਜੰਡਾ ਬੀਜੇਪੀ ਅਤੇ ਭ੍ਰਿਸ਼ਟ ਪਾਰਟੀਆਂ ਨੂੰ ਹਾਰ ਦੇਣਾ ਹੈ।