ਬਰਨਾਲਾ: ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦਾ ਸਿਆਸੀ ਪਾਰਾ ਸਿਖਰਾਂ 'ਤੇ ਹੈ। ਇਸ ਦਰਮਿਆਨ ਹਰ ਸਿਆਸੀ ਪਾਰਟੀ ਅਤੇ ਲੀਡਰ ਆਪਣਾ ਚੋਣ ਪ੍ਰਚਾਰ ਲਈ ਜ਼ੋਰ ਲਗਾ ਰਿਹਾ ਹੈ। ਵੋਟਾਂ ਲਈ ਹਰ ਦਰ 'ਤੇ ਮੱਥਾ ਟੇਕ ਰਿਹਾ ਹੈ।
ਇਸ ਤਹਿਤ ਬਰਨਾਲਾ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਧੀਰਜ ਦੱਧਾਹੂਰ ਡੇਰਾ ਸਿਰਸਾ ਦੀ ਸ਼ਰਨ ਵਿੱਚ ਪੁੱਜੇ। ਬਰਨਾਲਾ ਦੇ ਬਾਜਾਖਾਨਾ ਰੋਡ 'ਤੇ ਸਥਿਤ ਡੇਰਾ ਸਿਰਸਾ ਵਿੱਚ ਨਾਮ ਚਰਚਾ ਦਾ ਸਮਾਗਮ ਸੀ। ਜਿਥੇ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਅਤੇ ਬੀਜੇਪੀ ਉਮੀਦਵਾਰ ਧੀਰਜ ਦੱਧਾਹੂਰ ਦੀ ਪਤਨੀ ਅਤੇ ਬੇਟਾ ਵੀ ਹਾਜ਼ਰ ਹੋਏ। ਦੋਵੇਂ ਪਾਰਟੀਆਂ ਦੇ ਲੀਡਰਾਂ ਵਲੋਂ ਡੇਰਾ ਸਿਰਸਾ ਦੇ ਗੁਣ ਗਾਏ ਗਏ।
'ਸਿਆਸਤ ਨਹੀਂ ਆਮ ਵਾਂਗ ਆਏ'
ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਨੇ ਕਿਹਾ ਕਿ ਡੇਰਾ ਸਿਰਸਾ ਇੱਕ ਧਾਰਮਿਕ ਸਥਾਨ ਹੈ। ਜਿਥੇ ਉਹ ਸਮਾਗਮ ਵਿੱਚ ਹਾਜ਼ਰੀ ਲਗਾਉਣ ਪਹੁੰਚੇ ਸਨ। ਉਹਨਾਂ ਕਿਹਾ ਕਿ ਉਹ ਇਥੇ ਵੋਟਾਂ ਲਈ ਨਹੀਂ ਬਲਕਿ ਰੁਟੀਨ ਦੇ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਆਏ ਹਨ। ਡੇਰੇ ਵਲੋਂ ਹਮੇਸ਼ਾ ਸਮਾਜ ਸੇਵਾ ਦੇ ਚੰਗੇ ਕੰਮ ਕੀਤੇ ਜਾਂਦੇ ਹਨ।