ਬਰਨਾਲਾ: ਭਦੌੜ ਨਗਰ ਕੌਂਸਲ ਅਧੀਨ ਕੰਮ ਕਰਨ ਵਾਲੇ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਅੱਜ 7ਵੇਂ ਦਿਨ ਵੀ ਜਾਰੀ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਫ਼ਾਈ ਕਰਮਚਾਰੀਆਂ ਦੇ ਪ੍ਰਧਾਨ ਰਾਜਮੋਹਨ ਅਤੇ ਡਰਾਇਵਰ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਸਾਲ ਤਕਰੀਬਨ ਤਿੰਨ ਚਾਰ ਮਹੀਨਿਆਂ ਬਾਅਦ ਤਿੰਨ-ਤਿੰਨ ਮਹੀਨਿਆਂ ਦੀਆਂ ਤਨਖਾਹਾਂ ਹੜਤਾਲਾਂ ਕਰਕੇ ਲੈਣੀਆਂ ਪੈ ਰਹੀਆਂ ਹਨ ਅਤੇ ਹੁਣ ਵੀ ਉਨ੍ਹਾਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਜਿਸ ਕਾਰਨ ਉਨ੍ਹਾਂ ਚੁੱਲ੍ਹੇ ਵੀ ਹੁਣ ਤਾਂ ਠੰਡੇ ਹੋ ਚੁੱਕੇ ਹਨ ਪਰ ਨਗਰ ਕੌਂਸਲ ਅਧਿਕਾਰੀ ਤਨਖਾਹਾਂ ਦੇ ਮਾਮਲੇ ਵਿਚ ਟੱਸ ਤੋਂ ਮੱਸ ਨਹੀਂ ਹੋ ਰਹੇ।
ਨਹੀਂ ਮਿਲੀ ਤਨਖਾਹ: ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰਾਂ ਵੱਲੋਂ ਹਰ ਸਰਕਾਰੀ ਅਦਾਰੇ ਵਿਚ ਇਹ ਕਾਨੂੰਨ ਬਣਾਇਆ ਗਿਆ ਹੈ ਕਿ ਸਭ ਤੋਂ ਪਹਿਲਾਂ ਸਫਾਈ ਮੁਲਾਜ਼ਮ ਅਤੇ ਚਪੜਾਸੀ ਨੂੰ ਤਨਖਾਹ ਦੇਣੀ ਜ਼ਰੂਰੀ ਹੈ ਅਤੇ ਬਾਅਦ ਵਿੱਚ ਉੱਚ ਸਰਕਾਰੀ ਅਧਿਕਾਰੀ ਤਨਖਾਹਾਂ ਲੈ ਸਕਦੇ ਹਨ, ਪ੍ਰੰਤੂ ਇੱਥੇ ਸਭ ਕੁਝ ਉਲਟ ਹੋ ਰਿਹਾ ਹੈ। ਉਨ੍ਹਾਂ ਕਿਹਾ ਉੱਚੇ ਅਹੁਦਿਆਂ ਉੱਤੇ ਬੈਠੇ ਅਧਿਕਾਰੀ ਸਭ ਤੋਂ ਪਹਿਲਾਂ ਤਨਖ਼ਾਹਾਂ ਲੈ ਰਹੇ ਹਨ ਪ੍ਰੰਤੂ ਪੂਰੇ ਸ਼ਹਿਰ ਦੀ ਸਫ਼ਾਈ ਕਰਨ ਵਾਲੇ ਅਤੇ ਨਾਲੀਆਂ ਵਿੱਚ ਹੱਥ ਮਾਰਨ ਵਾਲੇ ਆਪਣੇ ਪਰਿਵਾਰ ਨੂੰ ਦੋ ਸਮੇਂ ਦੀ ਰੋਟੀ ਖਵਾਉਣ ਲਈ ਦੁਕਾਨਦਾਰਾਂ ਤੋਂ ਰਾਸ਼ਨ ਲੈਣ ਲਈ ਤਰਲੇ ਮਾਰਦੇ ਫਿਰ ਰਹੇ ਹਨ।
ਵੱਖ ਵੱਖ ਮੰਗਾਂ:ਉਨ੍ਹਾਂ ਕਿਹਾ ਕਿ ਨਗਰ ਕੌਂਸਲ ਭਦੌੜ ਵਿਚ ਕੁਲ 36 ਸਫ਼ਾਈ ਮੁਲਾਜ਼ਮ ਕੰਮ ਕਰ ਰਹੇ ਹਨ ਜਿਨ੍ਹਾਂ ਵਿਚ 22 ਕੱਚੇ ਸਫ਼ਾਈ ਕਰਮਚਾਰੀ ਅਤੇ 14 ਪੱਕੇ ਸਫਾਈ ਕਰਮਚਾਰੀ ਹਨ ਅਤੇ ਸਰਕਾਰ ਵੱਲੋਂ 22 ਵਿੱਚੋਂ 21 ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕੀਤਾ ਗਿਆ ਹੈ, ਪਰ ਉਨ੍ਹਾਂ ਨੂੰ ਰੈਗੂਲਰ ਕਰਨ ਲਈ ਨਗਰ ਕੌਂਸਲ ਦੇ ਕਿਸੇ ਵੀ ਅਧਿਕਾਰੀ ਵੱਲੋਂ ਉਨ੍ਹਾਂ ਨਾਲ ਬੈਠ ਕੇ ਮੀਟਿੰਗ ਨਹੀਂ ਕੀਤੀ ਜਾ ਰਹੀ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਤਨਖਾਹਾਂ ਵਿੱਚੋਂ ਕੱਟਿਆ ਗਿਆ ਪੀ ਐੱਫ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਨਹੀਂ ਕੀਤਾ ਜਾ ਰਿਹਾ।