ਬਰਨਾਲਾ: ਪੰਜਾਬ ਸਰਕਾਰ ਰੋਜ਼ਾਨਾ ਵਿਕਾਸ ਕਾਰਜਾਂ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣਾ ਰਹਿਣਾ ਪੈ ਰਿਹਾ ਹੈ। ਬਰਨਾਲਾ ਦੇ ਵਾਰਡ ਨੰਬਰ 18 ਦੇ ਗੁਰੂ ਤੇਗ ਬਹਾਦਰ ਨਗਰ ਦੇ ਲੋਕ ਵੀ ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਦੁਖੀ ਹਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਤੱਕ ਵੀ ਪਹੁੰਚ ਕੀਤੀ, ਪਰ ਕਿਸੇ ਪਾਸੋਂ ਕੋਈ ਹੱਲ ਨਹੀਂ ਹੋਇਆ, ਜਿਸ ਕਰਕੇ ਲੋਕ ਹੁਣ ਇਸ ਦੇ ਵਿਰੁੱਧ ਸੰਘਰਸ਼ ਕਰਨ ਲਈ ਚੇਤਾਵਨੀ ਦੇ ਰਹੇ ਹਨ।
ਹੋਰ ਪੜ੍ਹੋ: ਝੋਨੇ ਦੀ ਖ਼ਰੀਦ ਨਾ ਹੋਣ ਉੱਤੇ ਕਿਸਾਨਾਂ ਨੇ ਕੀਤਾ ਐਸਡੀਐਮ ਦਫ਼ਤਰ ਦਾ ਘਿਰਾਓ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ, ਕੁਝ ਸਮਾਂ ਪਹਿਲਾਂ ਸੀਵਰੇਜ ਪਾਉਣ ਲਈ ਗਲੀ ਨੂੰ ਪੁੱਟਿਆ ਗਿਆ ਸੀ ਜਿਸ ਤੋਂ ਬਾਅਦ ਗਲੀ ਨੂੰ ਨਵੇਂ ਤੌਰ 'ਤੇ ਨਹੀਂ ਬਣਾਇਆ ਗਿਆ। ਸਾਰੀ ਹੀ ਗਲੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਗਲੀ ਟੁੱਟੀਆਂ ਹੋਣ ਕਾਰਨ ਕਈ ਵਾਰ ਰਾਹਗੀਰ ਡਿੱਗ ਕੇ ਸੱਟਾਂ ਵੀ ਖਾ ਚੁੱਕੇ ਹਨ। ਗਲੀ ਦੇ ਨਵ ਨਿਰਮਾਣ ਲਈ ਵਾਰਡ ਦੇ ਐਮਸੀ, ਨਗਰ ਕੌਂਸਲ ਅਧਿਕਾਰੀਆਂ ਅਤੇ ਸੀਵਰੇਜ ਬੋਰਡ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਨ, ਪਰ ਫੋਕੇ ਲਾਰਿਆਂ ਦੇ ਇਲਾਵਾ ਕੁੱਝ ਵੀ ਨਹੀਂ ਮਿਲਿਆ।
ਹੋਰ ਪੜ੍ਹੋ: ਪੰਜਾਬ ਦੀ ਮਿੱਟੀ ਹੋਈ ਖ਼ਰਾਬ, ਖੇਤੀਬਾੜੀ ਵਿਭਾਗ ਦੇ ਸਰਵੇ ਰਿਪੋਰਟ ਵਿੱਚ ਖ਼ੁਲਾਸਾ
ਇਸ ਸਮੇਂ ਹਾਜ਼ਰ ਔਰਤਾਂ ਨੇ ਦੱਸਿਆ ਕਿ, ਗਲੀ ਵਿਚਲੀਆਂ ਸਾਰੀਆਂ ਲਾਈਟਾਂ ਖ਼ਰਾਬ ਹੋ ਚੁੱਕੀਆਂ ਹਨ ਜਿਸ ਨੂੰ ਠੀਕ ਕਰਨ ਲਈ ਵੀ ਬਿਜਲੀ ਅਧਿਕਾਰੀ ਸੁਣਵਾਈ ਨਹੀਂ ਕਰ ਰਹੇ। ਸ਼ਾਮ ਹੋਣ 'ਤੇ ਹੀ ਇਲਾਕੇ ਵਿੱਚ ਹਨੇਰਾ ਹੋ ਜਾਂਦਾ ਹੈ। ਬੱਚੇ ਅਤੇ ਗਲੀ ਵਿਚਲੀਆਂ ਔਰਤਾਂ ਘਰ ਨਿਕਲਣ ਤੋਂ ਵੀ ਡਰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਸਮੇਂ ਵੀ ਕੋਈ ਘਟਨਾ ਵਾਪਰ ਸਕਦੀ ਹੈ। ਸਾਰਾ ਦਿਨ ਗਲੀ ਵਿੱਚ ਆਵਾਰਾ ਪਸ਼ੂ ਘੁੰਮਦੇ ਰਹਿੰਦੇ ਹਨ, ਜੋ ਗਲੀ ਨਿਵਾਸੀਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਵਾਰਡ ਵਿੱਚ ਵੱਡੇ ਪੱਧਰ 'ਤੇ ਗੰਦਗੀ ਫ਼ੈਲ ਚੁੱਕੀ ਹੈ ਜਿਸ ਦੀ ਸਫ਼ਾਈ ਲਈ ਵੀ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਸਾਰਾ ਸ਼ਹਿਰ ਡੇਂਗੂ ਦੀ ਮਾਰ ਹੇਠ ਹੈ, ਪਰ ਇਸ ਦੇ ਬਾਵਜੂਦ ਤਿਉਹਾਰਾਂ ਦੇ ਦਿਨਾਂ ਵਿੱਚ ਵੀ ਇਸ ਗੰਦਗੀ ਦੀ ਸਫ਼ਾਈ ਨਹੀਂ ਕੀਤੀ ਜਾ ਰਹੀ।
ਵਾਰਡ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਇਸ ਦੇ ਵਿਰੁਧ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ, ਜਿਸ ਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ।
ਜਦੋਂ ਇਸ ਸੰਬੰਧੀ ਜ਼ਿਲ੍ਹਾ ਡੀਸੀ ਅਤੇ ਇਲਾਕਾ ਐਮਸੀ ਨਾਲ ਗੱਲਬਾਤ ਕਰਨੀ ਚਾਹੀ ਤਾਂ, ਉਹ ਸਰਕਾਰੀ ਛੁੱਟੀਆਂ ਕਾਰਨ ਨਹੀਂ ਮਿਲ ਸਕੇ।