ਬਰਨਾਲਾ:ਬਰਨਾਲਾ ਮੋਗਾ ਨੈਸ਼ਨਲ ਹਾਈਵੇ ਉੱਤੇ ਬੱਸ ਅੱਡੇ ਉਪਰ ਛੱਡੇ ਗਲਤ ਕੱਟ ਦੇ ਹੱਲ ਲਈ ਲਗਾਤਾਰ ਪਿਛਲੇ 10 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ। ਇਸੇ ਤਹਿਤ ਹੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਅਤੇ ਜੋਧਪੁਰ ਦੇ ਲੋਕਾਂ ਵੱਲੋਂ ਅੱਜ ਸ਼ਨੀਵਾਰ ਨੂੰ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਸਰਕਾਰ ਤੇ ਪ੍ਰਸ਼ਾਸ਼ਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਦੇ ਇੱਕ ਪਾਸੇ ਪੱਕਾ ਧਰਨਾ ਚੱਲ ਰਿਹਾ ਹੈ, ਪਰ ਪ੍ਰਸ਼ਾਸ਼ਨ ਵਲੋਂ ਕੋਈ ਸੁਣਵਾਈ ਨਾ ਕੀਤੇ ਜਾਣ ਦੇ ਰੋਸ ਵਿੱਚ ਅੱਜ ਸ਼ਨੀਵਾਰ ਨੂੰ ਸੜਕ ਦੇ ਦੋਵੇਂ ਪਾਸੇ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ।
ਓਵਰਬ੍ਰਿਜ ਪੁਲ ਬਣਾਉਣ ਦੀ ਮੰਗ:-ਇਸ ਮੌਕੇ ਧਰਨਾਕਾਰੀਆਂ ਨੇ ਦੱਸਿਆ ਕਿ ਪਿੰਡ ਚੀਮਾ ਦੇ ਬੱਸ ਅੱਡੇ ਉਪਰ ਸੜਕ ਦੇ ਗੈਰ-ਕਾਨੂੰਨੀ ਕੱਟ ਦਾ ਸੰਘਰਸ਼ ਜਾਰੀ ਹੈ ਅਤੇ ਅੱਜ ਸ਼ਨੀਵਰ ਨੂੰ ਧਰਨੇ ਦੇ 10ਵੇਂ ਦਿਨ ਵੀ ਸੜਕ ਉਪਰ ਲੋਕਾਂ ਦਾ ਧਰਨਾ ਜਾਰੀ ਰਿਹਾ। ਉਹਨਾਂ ਕਿਹਾ ਕਿ ਸੜਕ ਉੱਤੇ ਇਹ ਕੱਟ ਬਹੁਤ ਗਲਤ ਤਰੀਕੇ ਨਾਲ ਛੱਡਿਆ ਗਿਆ ਹੈ। ਜਿਸ ਕਰਕੇ ਇਸ ਕੱਟ ’ਤੇ ਅਨੇਕਾਂ ਸੜਕ ਹਾਦਸੇ ਵਾਪਰਨ ਕਰਕੇ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਜਿਸ ਕਰਕੇ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਇਸ ਕੱਟ ਦੀ ਥਾਂ ਇੱਕ ਓਵਰਬ੍ਰਿਜ ਪੁਲ ਬਣਾਇਆ ਜਾਵੇ ਤਾਂ ਸੜਕੀ ਹਾਦਸਿਆਂ ਤੋਂ ਛੁਟਕਾਰਾ ਹੋ ਸਕੇ।