ਬਰਨਾਲਾ: ਇਕ ਪਾਸੇ ਜਿਥੇ ਦੁਨੀਆਂ ਭਰ ਦੀਆਂ ਖੋਜਾਂ ਹੋਰਨਾਂ ਗ੍ਰਹਿਆਂ ਤੱਕ ਪਹੁੰਚ ਗਈਆਂ ਹਨ, ਪਰ ਦੂਜੇ ਪਾਸੇ ਜ਼ਿੰਦਗੀ ਦੀ ਇੱਕੋ ਇੱਕ ਆਸ ਬੁਨਿਆਦੀ ਸਹੂਲਤ ਪਾਣੀ ਲਈ ਵੀ ਅਜੇ ਕੁੱਝ ਲੋਕਾਂ ਨੂੰ ਤਰਸਣਾ ਪੈ ਰਿਹਾ ਹੈ। ਖ਼ਾਸਕਰ ਪਾਣੀਆਂ ਦੀ ਧਰਤੀ ਪੰਜਾਬ ਵਿੱਚ ਹੀ ਅਜਿਹੇ ਹਾਲਾਤ ਬਣਦੇ ਜਾ ਰਹੇ ਹਨ। ਵੱਡੇ-ਵੱਡੇ ਵਿਕਾਸ ਕਾਰਜਾਂ ਦੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਪੂਰੀਆਂ ਨਹੀਂ ਕਰਵਾ ਸਕੀਆਂ।
'ਪੀਣ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ ਬਰਨਾਲੇ ਦੇ ਲੋਕ' ਅਜਿਹੇ ਹੀ ਕੁਝ ਹਾਲਾਤ ਬਰਨਾਲਾ ਜ਼ਿਲ੍ਹੇ 'ਚ ਵੀ ਹਨ। ਜਿੱਥੇ ਵੱਡੀ ਗਿਣਤੀ 'ਚ ਲੋਕ ਵਾਟਰ ਵਰਕਸ ਦੇ ਪਾਣੀ 'ਤੇ ਨਿਰਭਰ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਡੀ ਆਬਾਦੀ ਵਾਟਰ ਵਰਕਸ ਦੇ ਟਿਊਬਵੈੱਲਾਂ ਦੇ ਪਾਣੀ 'ਤੇ ਨਿਰਭਰ ਕਰਦੀ ਹੈ। ਪਰ ਗਰਮੀਆਂ ਦੇ ਮੌਸਮ ਵਿੱਚ ਆ ਕੇ ਇਨ੍ਹਾਂ ਟਿਊਬਵੈੱਲਾਂ ਦੀਆਂ ਮੋਟਰਾਂ ਦੀ ਖ਼ਰਾਬੀ ਕਾਰਨ ਲੋਕਾਂ ਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਹਨ। ਹਰ ਵਰ੍ਹੇ ਪਾਣੀ ਦੀ ਇਸ ਆਉਣ ਵਾਲੀ ਸਮੱਸਿਆ ਦੇ ਪੱਕੇ ਹੱਲ ਲਈ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤੇ ਜਾਂਦੇ।
ਸਰਕਾਰ ਨਹੀਂ ਲੈਂਦੀ ਸਾਰ
ਇਸ ਸੰਬੰਧ ਵਿਚ ਬਰਨਾਲਾ ਦੇ ਪਿੰਡ ਚੀਮਾ ਦੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਵਾਟਰ ਵਰਕਸ ਦੀ ਮੋਟਰ ਹਰ ਵਰ੍ਹੇ ਕਈ ਖ਼ਰਾਬ ਹੋ ਜਾਂਦੀ ਹੈ। ਪਿੰਡ ਦੀ ਵੱਡੀ ਆਬਾਦੀ ਵਾਟਰ ਵਰਕਸ ਦੇ ਪਾਣੀ 'ਤੇ ਨਿਰਭਰ ਹੈ। ਮੋਟਰ ਖ਼ਰਾਬ ਹੋਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਵੀ ਵਾਂਝਾ ਰਹਿਣਾ ਪੈਂਦਾ ਹੈ। ਕਈ ਵਾਰ ਇਸ ਸਮੱਸਿਆ ਸਬੰਧੀ ਸਬੰਧਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਕੇ ਹੱਲ ਦੀ ਬੇਨਤੀ ਕਰ ਚੁੱਕੇ ਹਾਂ, ਪਰ ਨਵੀਂ ਮੋਟਰ ਦਾ ਪ੍ਰਬੰਧ ਨਹੀਂ ਕੀਤਾ ਗਿਆ।
ਸ਼ਹਿਰ ਵਾਸੀਆਂ ਲਈ ਪਾਣੀ ਦੀ ਕਿੱਲਤ
ਉਥੇ ਸ਼ਹਿਰ ਵਿੱਚ ਵੀ ਅਜਿਹੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ। ਬਰਨਾਲਾ ਸ਼ਹਿਰ ਦੇ 17 ਨੰਬਰ ਵਾਰਡ 'ਚ ਲੱਗੇ ਟਿਊਬਵੈੱਲ ਦੀ ਮੋਟਰ ਪਿਛਲੇ ਇੱਕ ਹਫ਼ਤੇ ਵਿੱਚ ਤਿੰਨ ਵਾਰ ਖ਼ਰਾਬ ਹੋ ਚੁੱਕੀ ਹੈ। ਜਿਸ ਕਾਰਨ ਵਾਰਡ ਦੇ ਲੋਕਾਂ ਨੂੰ ਪਾਣੀ ਦੀ ਵੱਡੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ। ਨਹਾਉਣ, ਕੱਪੜੇ ਧੋਣ ਤਾਂ ਦੂਰ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਵੀ ਤਰਸਣਾ ਪੈ ਰਿਹਾ ਹੈ।
ਹਰ ਸਾਲ ਆਉਂਦੀ ਪਾਣੀ ਦੀ ਸਮੱਸਿਆ
ਇਸ ਸਬੰਧੀ ਵਾਰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਾਰਡ 'ਚ ਜੂਨ ਮਹੀਨੇ ਹਰ ਵਰ੍ਹੇ ਪਾਣੀ ਦੀ ਇਹ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਨੂੰ ਵਾਰ-ਵਾਰ ਇਸ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਬੇਨਤੀ ਕਰ ਚੁੱਕੇ ਹਾਂ, ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਹੁਣ ਵੀ ਪਿਛਲੇ ਇੱਕ ਹਫ਼ਤੇ 'ਚ ਤੀਜੀ ਵਾਰ ਵਾਟਰ ਵਰਕਸ ਦੀ ਮੋਟਰ ਖ਼ਰਾਬ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਕਿ ਮੁਹੱਲੇ ਵਿਚਲੇ ਜਿਸ ਘਰ 'ਚ ਸਬਮਰਸੀਬਲ ਮੋਟਰ ਲੱਗੀ ਹੈ। ਸਾਰੇ ਮੁਹੱਲਾ ਨਿਵਾਸੀ ਉਸ ਘਰੋਂ ਪਾਣੀ ਬਾਲਟੀਆਂ ਰਾਹੀਂ ਲਿਆ ਕੇ ਆਪਣੀ ਸਮੱਸਿਆ ਦਾ ਹੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਸਬੰਧੀ ਵਾਟਰ ਸਪਲਾਈ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰ ਚੁੱਕੇ ਹਾਂ, ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਵੋਟਾਂ ਵੇਲੇ ਲੀਡਰ ਹਰ ਸਮੱਸਿਆ ਦਾ ਹੱਲ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਜਾਂਦੇ ਹਨ, ਪਰ ਉਸ ਤੋਂ ਬਾਅਦ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ।
'ਬਿਜਲੀ ਘੱਟ ਆਉਣ ਕਾਰਨ ਮੋਟਰ ਹੋ ਰਹੀ ਖ਼ਰਾਬ'
ਉਧਰ ਇਸ ਸਬੰਧੀ ਵਾਟਰ ਵਰਕਸ ਦੇ ਪ੍ਰਬੰਧਕ ਅਤੇ ਐੱਸ.ਡੀ.ਓ ਨੇ ਕਿਹਾ ਕਿ ਮੋਟਰ ਖ਼ਰਾਬ ਹੋਣ ਦਾ ਕਾਰਨ ਬਿਜਲੀ ਦੀ ਘੱਟ ਵੱਧ ਆ ਰਹੀ ਸਪਲਾਈ ਹੈ। ਟਿਊਬਵੈੱਲ ਤੇ ਸਹੀ ਤਰ੍ਹਾਂ ਬਿਜਲੀ ਨਾ ਆਉਣ ਕਰਕੇ ਮੋਟਰਖ਼ਰਾਬ ਹੋ ਰਹੀ ਹੈ। ਉਨ੍ਹਾਂ ਵੱਲੋਂ ਬਿਜਲੀ ਵਿਭਾਗ ਨੂੰ ਇਸ ਟਿਊਬਵੈੱਲ ਲਈ ਇੱਕ ਵੱਖਰਾ ਟਰਾਂਸਫਾਰਮਰ ਰੱਖਣ ਦੀ ਮੰਗ ਕੀਤੀ ਗਈ ਹੈ ਤਾਂ ਕਿ ਅੱਗੇ ਤੋਂ ਇਹ ਮੋਟਰ ਨਾ ਖ਼ਰਾਬ ਹੋਵੇ। ਐੱਸਡੀਓ ਨੇ ਕਿਹਾ ਕਿ ਬਰਨਾਲਾ ਸ਼ਹਿਰ ਵਿੱਚ 10 ਹੋਰ ਨਵੇਂ ਟਿਊਬਵੈੱਲ ਪਾਸ ਹੋ ਗਏ ਹਨ। ਆਉਣ ਵਾਲੇ ਦਿਨਾਂ 'ਚ ਬਰਨਾਲਾ ਸ਼ਹਿਰ ਨਿਵਾਸੀਆਂ ਦੀ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ।
ਇਹ ਵੀ ਪੜ੍ਹੋ:ਸੰਭਾਵੀ ਹੜ੍ਹਾਂ ਦੇ ਖਤਰੇ ਕਾਰਨ ਸਾਂਸਦ ਔਜਲਾ ਨੇ ਰਾਵੀ ਪਾਰ ਦਾ ਦੌਰਾ ਕੀਤਾ