ਬਰਨਾਲਾ:ਹਲਕਾ ਜਿਹਾ ਮੀਂਹ ਪੈਣ ਕਾਰਨ ਬਰਨਾਲਾ ਸ਼ਹਿਰ ਦਾ ਸੀਵਰੇਜ ਜਾਮ ਹੋ ਗਿਆ ਹੈ। ਸਥਾਨਕ ਲੋਕਾਂ ਵਿੱਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਦੇ ਰਾਮਗੜ੍ਹੀਆ ਰੋਡ 'ਤੇ ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਓਵਰਫ਼ਲੋ ਹੋ ਕੇ ਗਲੀਆ ਅਤੇ ਸੜਕਾਂ 'ਤੇ ਖੜ੍ਹ ਗਿਆ ਹੈ। ਸਕੂਲ ਜਾਣ ਵਾਲੇ ਬੱਚੇ ਅਤੇ ਰਾਹਗੀਰ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜ਼ਬੂਰ ਹਨ। ਹਾਲਾਤ ਏਨੇ ਮਾੜੇ ਹੋ ਚੁੱਕੇ ਹਨ ਕਿ ਲੋਕ ਗੁਰਦੁਆਰਾ ਸਾਹਿਬ ਤੋਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਗੰਦੇ ਪਾਣੀ ਵਿੱਚੋਂ ਲਿਜਾਣ ਲਈ ਮਜ਼ਬੂਰ ਹਨ।
ਟੈਂਕੀ 'ਤੇ ਚੜ ਕੀਤਾ ਪ੍ਰਦਰਸ਼ਨ ਪਰ ਹੱਲ ਨਹੀਂ:ਲੋਕਾਂ ਨੇ ਪੰਜਾਬ ਸਰਕਾਰ ਅਤੇ ਸੀਵਰੇਜ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪੀੜਤ ਲੋਕਾਂ ਨੇ ਦੱਸਿਆ ਕਿ ਇਹ ਸਮੱਸਿਆ ਅੱਜ ਦੀ ਨਹੀਂ ਲੰਮੇ ਸਮੇਂ ਦੀ ਹੈ। ਪ੍ਰਸ਼ਾਸ਼ਨ ਵਾਰ-ਵਾਰ ਵਾਅਦਾ ਕਰਕੇ ਇਸ ਸਮੱਸਿਆ ਦਾ ਹੱਲ ਕਰਨ ਤੋਂ ਭੱਜ ਜਾਂਦਾ ਹੈ। ਲੋਕਾਂ ਵੱਲੋਂ ਇਸ ਮਸਲੇ ਦੇ ਹੱਲ ਲਈ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਕੇ ਸੰਘਰਸ਼ ਵੀ ਕੀਤਾ ਗਿਆ ਸੀ, ਪਰ ਸੀਵਰੇਜ ਵਿਭਾਗ ਨੇ ਕੋਈ ਹੱਲ ਨਹੀਂ ਕੀਤਾ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਕਰਨਗੇ। ਜਦਕਿ ਸੀਵਰੇਜ ਵਿਭਾਗ ਦੇ ਅਧਿਕਾਰੀਆ ਨੇ ਸਮੱਸਿਆ ਦੇ ਜਲਦ ਹੱਲ ਦਾ ਦਾਅਵਾ ਕੀਤਾ ਹੈ।
ਸੀਵੇਜ ਦਾ ਗੰਦਾ ਪਾਣੀ ਪੀਣ ਲਈ ਮਜ਼ਬੂਰ: ਇਸ ਮੌਕੇ ਗੱਲਬਾਤ ਕਰਦਿਆਂ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਬਰਨਾਲਾ ਸ਼ਹਿਰ ਦੇ ਰਾਮਗੜ੍ਹੀਆ ਰੋਡ ਤੇ ਸੀਵਰੇਜ ਦੀ ਸਮੱਸਿਆ ਬਹੁਤ ਵੱਡੀ ਹੈ। ਇਸ ਸਮੱਸਿਆ ਦਾ ਲੰਮੇ ਸਮੇਂ ਤੋਂ ਕੋਈ ਹੱਲ ਨਹੀਂ ਕੀਤਾ ਗਿਆ। ਪਹਿਲਾਂ ਤਾਂ ਸਿਰਫ਼ ਸੀਵਰੇਜ ਦੀ ਸਮੱਸਿਆ ਸੀ। ਪ੍ਰੰਤੂ ਹੁਣ ਟੂਟੀਆਂ ਦੇ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ। ਇਸ ਜਗ੍ਹਾ 'ਤੇ ਰਹਿ ਰਹੇ ਲੋਕ ਲੋੜਵੰਦ ਅਤੇ ਗਰੀਬ ਪਰਿਵਾਰ ਹਨ। ਜੋ ਅੱਜ ਇਹ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ। ਉਹਨਾਂ ਕਿਹਾ ਕਿ ਹਲਕਾ ਜਿਹਾ ਮੀਂਹ ਪੈਣ ਤੋਂ ਬਾਅਦ ਸੀਵਰੇਜ ਜਾਮ ਹੋ ਜਾਂਦਾ ਹੈ।