ਬਰਨਾਲਾ: ਕੋਰੋਨਾ ਵਾਇਰਸ ਕਾਰਨ ਰੋਜ਼ਾਨਾ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀਆਂ ਰਿਪੋਰਟਾਂ ਪੌਜ਼ੀਟਿਵ ਆ ਰਹੀਆਂ ਹਨ। ਇਸ ਤੋਂ ਲੋਕਾਂ ਨੂੰ ਬਚਾਉਣ ਲਈ ਸੂਬਾ ਸਰਕਾਰ ਅਤੇ ਪ੍ਰਸ਼ਾਸ਼ਨ ਲਗਾਤਾਰ ਉਪਰਾਲੇ ਕਰ ਰਹੀ ਹੈ। ਪਰ ਇਸ ਬੀਮਾਰੀ ਤੋਂ ਇਲਾਵਾ ਵੀ ਕੁੱਝ ਲੋਕ ਹੋਰ ਭਿਆਨਕ ਨਾ-ਮੁਰਾਦ ਬਿਮਾਰੀਆਂ ਤੋਂ ਪੀੜਤ ਹਨ, ਜਿੰਨਾਂ ਦੇ ਇਲਾਜ਼ ’ਤੇ ਕੋਰੋਨਾ ਕਰਫ਼ਿਊ ਭਾਰੀ ਪੈ ਰਿਹਾ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਈ ਲੋਕ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਂ ਪੀੜਤ ਹਨ, ਜਿੰਨਾਂ ਦਾ ਇਲਾਜ਼ ਬਾਹਰੀ ਰਾਜਾਂ ਅਤੇ ਬਾਹਰੀ ਸ਼ਹਿਰਾਂ ਵਿੱਚ ਚੱਲਦਾ ਹੈ। ਕੋਰੋਨਾ ਕਰਫ਼ਿਊ ਕਾਰਨ ਇਨ੍ਹਾਂ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਆ ਰਹੀਆਂ ਹਨ। ਮਰੀਜ਼ਾਂ ਦੀਆਂ ਦਵਾਈਆਂ ਤੱਕ ਖ਼ਤਮ ਹੋ ਚੁੱਕੀਆਂ ਹਨ। ਇਸ ਲਈ ਇਨ੍ਹਾਂ ਮਰੀਜ਼ਾਂ ਅਤੇ ਇਨ੍ਹਾਂ ਦੇ ਪਰਿਵਾਰਾਂ ਵੱਲੋਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇਨ੍ਹਾਂ ਦੀਆਂ ਦਵਾਈਆਂ ਅਤੇ ਇਲਾਜ਼ ਲਈ ਉਚਿਤ ਪ੍ਰਬੰਧ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਨਿੰਮਵਾਲਾ ਮੌੜ ਦੇ ਸਾਬਕਾ ਸਰਪੰਚ ਸਿਕੰਦਰ ਸਿੰਘ ਮਾਨ ਨੇ ਦੱਸਿਆ ਕਿ ਉਸਦੇ ਚਾਚੇ ਨੂੰ ਖਾਣ ਵਾਲੀ ਨਾਲੀ ਵਿੱਚ ਕੈਂਸਰ ਦੀ ਸ਼ਿਕਾਇਤ ਹੈ। ਉਸ ਦਾ ਇਲਾਜ਼ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ ਹਸਪਤਾਲ ਤੋਂ ਚੱਲਦਾ ਹੈ, ਜਿਸ ਨਾਲ ਉਸ ਦੇ ਚਾਚੇ ਦੀ ਬੀਮਾਰੀ ਦਾ ਕਾਫ਼ੀ ਫ਼ਰਕ ਪਿਆ ਹੈ, ਪਰ ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਕਾਰਨ ਉਸ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਦਵਾਈ ਖ਼ਤਮ ਹੋ ਚੁੱਕੀ ਹੈ, ਪਰ ਕਰਫ਼ਿਊ ਕਾਰਨ ਨਾ ਤਾਂ ਹਸਪਤਾਲ ਜਾ ਸਕਦੇ ਹਾਂ ਅਤੇ ਨਾ ਹੀ ਦਵਾਈ ਕਿਸੇ ਪਾਸੇ ਤੋਂ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਧਿਆਨ ਦੇਣ ਦੀ ਲੋੜ ਹੈ।