ਬਰਨਾਲਾ: ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਲਗਾਤਾਰ ਪੂਰੇ ਦੇਸ਼ ਅਤੇ ਪੰਜਾਬ ਸੂਬੇ ਵਿੱਚ ਜਾਰੀ ਹੈ। ਕੋਰੋਨਾ ਨਾਲ ਵੱਧ ਰਹੇ ਮਰੀਜ਼ਾਂ ਦੀ ਆੜ ਦੇ ਵਿੱਚ ਸਰਕਾਰੀ ਹਸਪਤਾਲਾਂ ਵੱਲੋਂ ਹੋਰ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਇਲਾਜ ਦੇ ਲਈ ਅਣਗੌਲਿਆ ਕੀਤਾ ਜਾ ਰਿਹਾ ਹੈ।
ਅਜਿਹੇ ਹੀ ਮਾਮਲਿਆਂ ਨੂੰ ਲੈ ਕੇ ਈਟੀਵੀ ਭਾਰਤ ਵੱਲੋਂ ਬਰਨਾਲਾ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਬਰਨਾਲਾ ਹਸਪਤਾਲ ਵਿਖੇ ਕੋਰੋਨਾ ਦੀ ਆੜ 'ਚ ਬਾਕੀ ਮਰੀਜ਼ ਇਲਾਜ ਤੋਂ ਵਾਂਝੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਨਸ਼ੇ ਛੱਡਣ ਦੀ ਦਵਾਈ ਲੈਣ ਆਏ ਕੁੱਝ ਮਰੀਜ਼ਾਂ ਨੇ ਦੱਸਿਆ ਕਿ ਉਹ 20-20 ਕਿਲੋਮੀਟਰ ਤੋਂ ਦਵਾਈ ਲੈਣ ਲਈ ਆਉਂਦੇ ਹਨ, ਪਰ ਉਨ੍ਹਾਂ 2-2 ਦਿਨਾਂ ਦੀ ਦਵਾਈ ਦੇ ਕੇ ਹੀ ਤੋਰ ਦਿੱਤਾ ਜਾਂਦਾ ਹੈ। ਕਦੇ-ਕਦਾਈਂ ਤਾਂ ਉਨ੍ਹਾਂ ਨੂੰ 2-2 ਘੰਟੇ ਉਡੀਕ ਕਰਨੀ ਪੈਂਦੀ ਹੈ।
ਉਨ੍ਹਾਂ ਦੇ ਦੋਸ਼ ਹਨ ਕਿ ਉਹ ਏਡੀ ਦੂਰੋਂ ਆਪਣੇ ਕੰਮਕਾਰ ਛੱਡ ਕੇ ਆਉਂਦੇ ਹਨ ਸਿਰਫ਼ ਦੋ ਦਿਨਾਂ ਦੀ ਦਵਾਈ ਲੈਣ ਵਾਸਤੇ। ਇਸ ਦੇ ਨਾਲ ਉਨ੍ਹਾਂ ਦੇ ਕੰਮਕਾਰ ਉੱਤੇ ਵੀ ਅਸਰ ਪੈਂਦਾ ਹੈ ਅਤੇ ਨਾਲ ਹੀ ਉਨ੍ਹਾਂ ਦਾ ਪੈਟਰੋਲ ਵੀ ਕਾਫ਼ੀ ਲੱਗ ਜਾਂਦਾ ਹੈ।
ਉੱਧਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਰੁਟੀਨ ਦੇ ਅਪਰੇਸ਼ਨ ਕਰਨ ਉੱਤੇ ਪਾਬੰਦੀ ਲਗਾ ਦਿੱਤੀ ਹੈ। ਸਿਰਫ਼ ਐਮਰਜੈਂਸੀ ਹਾਲਾਤਾਂ ਵਿੱਚ ਹੀ ਆਪ੍ਰੇਸ਼ਨ ਕਰਨ ਦੀਆਂ ਹਦਾਇਤਾਂ ਹਨ। ਜਿਸ ਕਾਰਨ ਹਸਪਤਾਲ ਵਿੱਚ ਇਲਾਜ ਕਰਵਾਉਣ ਆ ਰਹੇ ਮਰੀਜ਼ਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਨਾਲਾ ਦੇ ਹੱਡੀਆਂ ਵਾਲੇ ਵਾਰਡ ਵਿੱਚ ਦੋ ਡਾਕਟਰਾਂ ਦੀ ਡਿਊਟੀ ਹੈ, ਪਰ ਇੱਕ ਡਾਕਟਰ ਕੋਰੋਨਾ ਵਾਇਰਸ ਕਾਰਨ ਇਕਾਂਤਵਾਸ ਕੀਤਾ ਹੋਇਆ ਹੈ। ਜਿਸ ਕਰ ਕੇ ਲੋਕਾਂ ਨੂੰ ਆਪਣੇ ਟਾਂਕੇ ਖੁਲ੍ਹਵਾਉਣ ਅਤੇ ਪੱਟੀ ਕਰਵਾਉਣ ਲਈ ਵੀ 2-3 ਦਿਨਾਂ ਤੱਕ ਉਡੀਕ ਕਰਨੀ ਪੈਂਦੀ ਹੈ।
ਇਸੇ ਤਰ੍ਹਾਂ ਐਮਰਜੈਂਸੀ ਵਿੱਚ ਆਪਣਾ ਇਲਾਜ ਕਰਵਾਉਣ ਆਏ ਮਰੀਜ਼ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਦੇ ਸਾਲੇ ਦੇ ਪੈਰ ਵਿੱਚ ਇਨਫੈਕਸ਼ਨ ਹੈ, ਜਿਸ ਦਾ ਸਹੀ ਤਰੀਕੇ ਇਲਾਜ ਨਹੀਂ ਹੋ ਰਿਹਾ।
ਉਥੇ ਬਰਨਾਲਾ ਦੇ ਸਿਵਲ ਸਰਜਨ ਡਾਕਟਰ ਗੁਰਿੰਦਰਵੀਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਕਿਸੇ ਵੀ ਬਿਮਾਰੀ ਤੋਂ ਪੀੜਤ ਮਰੀਜ਼ ਦੇ ਇਲਾਜ ਵਿੱਚ ਕੋਈ ਰੁਕਾਵਟ ਨਹੀਂ ਆਈ ਹੈ। ਪਹਿਲਾਂ ਦੀ ਤਰ੍ਹਾਂ ਹਰ ਮਰੀਜ਼ ਦਾ ਇਲਾਜ ਕੀਤਾ ਜਾ ਰਿਹਾ ਹੈ। ਸਰਕਾਰ ਦੀਆਂ ਹਦਾਇਤਾਂ ਦੇ ਆਧਾਰ ਉੱਤੇ ਕੁੱਝ ਆਪ੍ਰੇਸ਼ਨਾਂ ਉੱਤੇ ਜ਼ਰੂਰ ਪਾਉਂਦੀ ਲਗਾਈ ਗਈ ਹੈ, ਪਰ ਐਮਰਜੈਂਸੀ ਹਾਲਾਤ ਵਿੱਚ ਹਰ ਤਰ੍ਹਾਂ ਦੇ ਇਲਾਜ ਕੀਤੇ ਜਾ ਰਹੇ ਹਨ।