ਬਰਨਾਲਾ: ਕਿਸਾਨ ਜੱਥੇਬੰਦੀਆਂ ਦੇ ਰਾਜ਼ੀ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਸੋਮਵਾਰ ਤੋਂ ਮੁਸਾਫ਼ਿਰ ਅਤੇ ਮਾਲ ਗੱਡੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਸਤੋਂ ਬਾਅਦ ਮੰਗਲਵਾਰ ਨੂੰ ਬਰਨਾਲਾ ਦੇ ਰੇਲਵੇ ਸਟੇਸ਼ਨ ’ਤੇ ਅਨੇਕਾਂ ਯਾਤਰੀ ਮੁਸਾਫ਼ਿਰ ਗੱਡੀਆਂ ਦੇ ਇੰਤਜ਼ਾਰ ’ਚ ਪਹੁੰਚੇ। ਪਰ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਯਾਤਰੀਆਂ ਨੂੰ ਅੱਜ ਵੀ ਸਿਰਫ਼ ਟਿਕਟ ਬੁਕਿੰਗ ਹੀ ਮਿਲੀ ਅਤੇ ਰੇਲ ਗੱਡੀ ਅੰਬਾਲਾ ਸਟੇਸ਼ਨ ਤੋਂ ਲੈਣ ਲਈ ਕਿਹਾ ਗਿਆ, ਜਿਸ ਕਾਰਨ ਪਹੁੰਚੇ ਯਾਤਰੀਆਂ ’ਚ ਨਿਰਾਸ਼ਾ ਪਾਈ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਯਾਤਰੀਆਂ ਕੁਸ਼ਲ ਕੁਮਾਰ ਅਤੇ ਵਿਸ਼ਵਜੀਤ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਟਰੇਨਾਂ ਚਲਾਏ ਜਾਣ ਤੋਂ ਬਾਅਦ ਅੱਜ ਉਹ ਟਰੇਨ ਦੀ ਝਾਕ ’ਚ ਰੇਲਵੇ ਸਟੇਸ਼ਨ ’ਤੇ ਆਏ ਸਨ। ਜਿੱਥੇ ਉਨ੍ਹਾਂ ਨੂੰ ਸਿਰਫ਼ ਟਿਕਟ ਹੀ ਮਿਲੀ ਹੈ। ਪਰ ਬਰਨਾਲਾ ’ਚ ਅੱਜ ਮੁਸਾਫ਼ਿਰ ਟਰੇਨ ਨਹੀਂ ਆਈ।
ਆਵਾਜਾਈ ਸ਼ੁਰੂ ਹੋਣ ਦੇ ਬਾਵਜੂਦ ਬਰਨਾਲਾ 'ਚ ਗੱਡੀ ਨਾ ਪੁੱਜਣ ਕਾਰਨ ਯਾਤਰਾ ਹੋਏ ਨਿਰਾਸ਼ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬਨਾਰਸ ਜਾਣਾ ਹੈ, ਜਿਸ ਲਈ ਉਨ੍ਹਾਂ ਨੂੰ ਬਰਨਾਲਾ ਤੋਂ ਕੋਈ ਟਰੇਨ ਨਹੀਂ ਮਿਲ ਰਹੀ। ਕੁੱਝ ਯਾਤਾਰੀ ਬਿਹਾਰ, ਲਖਨਊ ਵੀ ਜਾਣਾ ਚਾਹੁੰਦੇ ਸਨ। ਪਰ ਟਰੇਨ ਨਾ ਮਿਲਣ ਕਾਰਨ ਨਿਰਾਸ਼ ਹੀ ਪਾਏ ਗਏ। ਯਾਤਰੀਆਂ ਨੇ ਨਿਰਾਸ਼ਾ ਜਤਾਉਂਦੇ ਕਿਹਾ ਕਿ ਉਨ੍ਹਾਂ ਨੂੰ ਟਰੇਨਾਂ ਨਾ ਚੱਲਣ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਉਧਰ, ਧਰਨੇ ’ਤੇ ਹਾਜ਼ਰ ਕਿਸਾਨ ਆਗੂ ਮੇਲਾ ਸਿੰਘ ਨੇ ਕਿਹਾ ਕਿ ਇਹ ਟਰੇਨਾਂ ਨੂੰ ਖੁੱਲ੍ਹ ਸਿਰਫ਼ 15 ਦਿਨਾਂ ਲਈ ਹੀ ਦਿੱਤੀ ਗਈ ਹੈ। ਇਸਤੋਂ ਬਾਅਦ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਉਹ ਮੁੜ ਲਾਈਨਾਂ ’ਤੇ ਆ ਜਾਣਗੇ। ਕਿਸਾਨਾਂ ਨੇ ਮੁਸਾਫ਼ਿਰ ਗੱਡੀਆਂ ਨੂੰ ਰੋਕਣ ਵਾਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ। ਕਿਉਂਕਿ ਇਸ ਨਾਲ ਕਿਸਾਨ ਏਕਤਾ ’ਚ ਵਿਘਨ ਪੈ ਰਿਹਾ ਹੈ। ਉਨ੍ਹਾਂ ਨੂੰ ਵੀ ਬਾਕੀ ਕਿਸਾਨ ਜੱਥੇਬੰਦੀਆਂ ਦੇ ਫ਼ੈਸਲਾ ਨੂੰ ਮੰਨਣਾ ਚਾਹੀਦਾ ਹੈ।