ਬਰਨਾਲਾ: ਜ਼ਿਲ੍ਹੇ ਦੇ ਤਪਾ ਸ਼ਹਿਰ ਦੀ ਬਾਹਰਲੀ ਮੰਡੀ 'ਚ ਸਵੇਰ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਵੱਡੀ ਤਦਾਦ ਵਿੱਚ ਮਰੇ ਹੋਏ ਤੋਤੇ ਦੇਖੇ ਗਏ। ਅਨਾਜ ਮੰਡੀ ਦੇ ਦਰੱਖਤਾਂ 'ਤੇ ਬੈਠੇ ਤੋਤੇ ਮਰ ਕੇ ਡਿੱਗ ਰਹੇ ਸਨ। ਘਟਨਾ ਦਾ ਪਤਾ ਲੱਗਦਿਆਂ ਹੀ ਤਪਾ ਮੰਡੀ ਦੇ ਮਾਰਕੀਟ ਕਮੇਟੀ, ਪੁਲਿਸ ਅਤੇ ਪ੍ਰਸ਼ਾਸਨ ਅਧਿਕਾਰੀਆਂ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਮੌਕੇ ਉੱਤੇ ਪੁੱਜੇ। ਮਰਨ ਵਾਲੇ ਤੋਤਿਆਂ ਨੂੰ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਕਿੱਟਾਂ ਪਾ ਕੇ ਪੂਰੇ ਇੰਤਜ਼ਾਮਾਂ ਨਾਲ ਜੇਸੀਬੀ ਮਸ਼ੀਨ ਨਾਲ ਵੱਖੋ ਵੱਖਰੀਆਂ ਦਵਾਈਆਂ ਪਾ ਕੇ ਜ਼ਮੀਨ ਵਿੱਚ ਦੱਬਿਆ। ਮਾਰਕੀਟ ਕਮੇਟੀ ਅਧਿਕਾਰੀਆਂ ਅਤੇ ਵੈਟਰਨਰੀ ਡਾਕਟਰਾਂ ਦੀ ਟੀਮ ਵੱਲੋਂ ਤੋਤਿਆਂ ਦੇ ਸ਼ੱਕੀ ਹਾਲਾਤ ਵਿੱਚ ਮਰਨ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਬਰਨਾਲਾ ਦੇ ਤਪਾ ਮੰਡੀ ਵਿਖੇ ਸ਼ੱਕੀ ਹਾਲਾਤ 'ਚ ਮਰੇ ਤੋਤੇ ਵੱਡੀ ਤਦਾਦ ਵਿੱਚ ਤੋਤੇ ਮਰੇ
ਇਸ ਮੌਕੇ ਮਾਰਕੀਟ ਕਮੇਟੀ ਦੇ ਅਧਿਕਾਰੀ ਧਰਮਿੰਦਰ ਸਿੰਘ ਮਾਂਗਟ ਨੇ ਦੱਸਿਆ ਕਿ ਕਮੇਟੀ ਦੇ ਚੌਕੀਦਾਰ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਮੰਡੀ 'ਚ ਲੱਗੇ ਦਰੱਖਤਾਂ ਨਜ਼ਦੀਕ 35 ਤੋਤੇ ਮਰੇ ਪਏ ਹਨ ਤਾਂ ਉਨ੍ਹਾਂ ਤੁਰੰਤ ਮੌਕੇ 'ਤੇ ਜਾ ਕੇ ਦੇਖਿਆ ਕਿ ਤੋਤੇ ਬੇਹੋਸ਼ੀ ਦੀ ਹਾਲਤ 'ਚ ਦਰੱਖਤਾਂ ਤੋਂ ਹੇਠਾਂ ਡਿੱਗਣ ਉਪਰੰਤ ਮਰ ਰਹੇ ਸਨ। ਜਿਸ ਉਪਰੰਤ ਪੁਲਿਸ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਤਾਂ ਜੋ ਕੋਈ ਭਿਆਨਕ ਬਿਮਾਰੀ ਅੱਗੇ ਨਾ ਵਧ ਸਕੇ।
ਬਰਨਾਲਾ ਦੇ ਤਪਾ ਮੰਡੀ ਵਿਖੇ ਸ਼ੱਕੀ ਹਾਲਾਤ 'ਚ ਮਰੇ ਤੋਤੇ ਤੋਤਿਆਂ ਦੇ ਸੈਂਪਲ ਲਏ ਗਏ
ਇਸ ਮੌਕੇ ਪਹੁੰਚੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਵਿਭਾਗ ਨੇ ਕੁੱਝ ਜਿਊਂਦੇ ਤੋਤਿਆਂ ਦੇ ਸੈਂਪਲ ਲਏ ਅਤੇ ਮ੍ਰਿਤਕ ਤੋਤਿਆਂ ਦਾ ਪੋਸਟਮਾਰਟਮ ਲਈ ਜਲੰਧਰ ਲੈਬ ਵਿੱਚ ਭੇਜਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇੰਨੀ ਵੱਡੀ ਤਦਾਦ ਵਿੱਚ ਤੋਤਿਆਂ ਦੇ ਮਰਨ ਦਾ ਕੀ ਕਾਰਨ ਹੈ। ਉਨ੍ਹਾਂ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਇਹ ਬਰਡ ਫ਼ਲੂ ਦਾ ਮਾਮਲਾ ਹੋਵੇ। ਇਹ ਮੌਤ ਜ਼ਹਿਰੀਲਾ ਪਦਾਰਥ ਖਾਣ ਨਾਲ ਵੀ ਹੋਈ ਹੋ ਸਕਦੀ ਹੈ। ਕਿਉਂਕਿ ਮਰਨ ਵਾਲਿਆਂ ਵਿਚ ਸਿਰਫ਼ ਤੋਤੇ ਹੀ ਹਨ, ਹੋਰ ਕੋਈ ਪੰਛੀ ਨਹੀਂ ਹੈ।
ਇੱਥੇ ਦੱਸਣਯੋਗ ਇਹ ਵੀ ਹੈ ਕਿ ਪਹਿਲਾਂ ਜਿੱਥੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਵਰਗੀ ਬੀਮਾਰੀ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਉਥੇ ਹੁਣ ਪੰਛੀਆਂ ਦੇ ਮਰਨ ਨਾਲ ਬਰਡ ਫਲੂ ਫੈਲਣ ਦਾ ਡਰ ਵੱਧ ਰਿਹਾ ਹੈ।