ਬਰਨਾਲਾ: ਸਰਕਾਰ ਵੱਲੋਂ ਚਲਦੇ ਇਮਤਿਹਾਨਾਂ ਦੌਰਾਨ ਕਰੋਨਾ ਦਾ ਡਰ ਪਾ ਕੇ ਵਿਦਿਅਕ ਅਦਾਰੇ ਮੁਕੰਮਲ ਬੰਦ ਕੀਤੇ ਗਏ ਹਨ, ਜਿਸਦਾ ਪਟਿਆਲਾ ਯੂਨੀਵਰਸਿਟੀ ਦੇ ਵਿਦਿਆਰਥੀਆਂ, ਪ੍ਰੋਫ਼ੈਸਰਾਂ ਵਲੋਂ ਉਸੇ ਦਿਨ ਤੋਂ ਹੀ ਵਿਰੋਧ ਸ਼ੁਰੂ ਹੋ ਗਿਆ ਸੀ। ਜਿਸਤੋਂ ਬਾਅਦ ਹੁਣ ਪਿੰਡਾਂ ਵਿੱਚ ਵੀ ਮਾਪਿਆਂ ਵੱਲੋਂ ਸਕੂਲਾਂ ਨੂੰ ਖੋਲਣ ਦੀ ਮੰਗ ਕੀਤੀ ਜਾਣ ਲੱਗੀ ਹੈ। ਇਸ ਮੌਕੇ ਪਿੰਡ ਦੀਵਾਨਾ ਦੇ ਬੱਚਿਆਂ ਦੇ ਮਾਪਿਆਂ, ਇਨਸਾਫ਼ਪਸੰਦ ਲੋਕਾਂ ਵਲੋਂ ਇਕੱਠੇ ਹੋ ਕੇ ਸਰਕਾਰ ਤੋਂ ਸਰਕਾਰੀ ਸਕੂਲ ਤੁਰੰਤ ਖੋਲਣ ਦੀ ਮੰਗ ਕੀਤੀ ਹੈ।
ਇਸ ਮੌਕੇ ਰਿਟਾਇਰਡ ਮਾਸਟਰ ਸੁਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਕਰੋਨਾ ਦੀ ਆੜ ’ਚ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਬੱਚਿਆਂ ਦੇ ਭਵਿੱਖ ਦੇ ਮੱਦੇਨਜ਼ਰ ਸਰਕਾਰ ਨੂੰ ਸਕੂਲ ਖੋਲਣੇ ਚਾਹੀਦੇ ਹਨ। ਮਾਪਿਆਂ ’ਚੋਂ ਵਰਿੰਦਰ ਦੀਵਾਨਾ ਨੇ ਕਿਹਾ ਕਿ ਪਹਿਲਾਂ ਦਸਵੀਂ ਦੇ ਬੱਚਿਆਂ ਨੂੰ ਘਰ ਰਹਿਣ ਤੇ ਪੰਜਵੀਂ ਦੇ ਇਮਤਿਹਾਨ ਲੈਣ ਦੇ ਨਿਰਦੇਸ਼ ਦਿੱਤੇ ਗਏ ਸਨ ਜੋ ਸਰਕਾਰ ਦੀਆਂ ਨੀਤੀਆਂ ਪ੍ਰਤੀ ਉਸਦੀ ਸੰਜੀਦਗੀ ’ਤੇ ਸ਼ੱਕ ਪੈਦਾ ਕਰਦੇ ਹਨ। ਬੱਚੇ ਪੂਰੀ ਸਾਵਧਾਨੀ ਨਾਲ ਸਕੂਲਾਂ ’ਚ ਆ ਰਹੇ ਹਨ। ਜਦਕਿ ਅਲੱਗ-ਅਲੱਗ ਜਮਾਤਾਂ ਪੇਪਰਾਂ ਮੌਕੇ ਤਾਂ ਸਕੂਲ ’ਚ ਸਮਾਜਿਕ ਦੂਰੀ ਵੀ ਵੱਧ ਰੱਖੀ ਜਾ ਸਕਦੀ ਹੈ।