ਬਰਨਾਲਾ: ਝੋਨੇ ਦੀ ਪਰਾਲੀ ਦਾ ਨਿਪਟਾਰਾ ਸੂਬੇ ਵਿੱਚ ਇਕ ਵੱਡਾ ਮਸਲਾ ਬਣਿਆ ਹੋਇਆ ਹੈ। ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ 'ਚ ਰਹਿਣ ਵਾਲੀ ਝੋਨੇ ਦੀ ਪਰਾਲੀ ਅਤੇ ਰਹਿੰਦ-ਖੁੰਹਦ ਨੂੰ ਕਿਸਾਨਾਂ ਵੱਲੋਂ ਜ਼ਿਆਦਾਤਰ ਅੱਗ ਲਗਾ ਕੇ ਖੇਤਾਂ 'ਚ ਹੀ ਸਾੜਨ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ।
ਕਿਸਾਨਾਂ ਦਾ ਤਰਕ ਹੈ ਕਿ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਹਜ਼ਾਰਾਂ ਦਾ ਬੋਝ ਉਨ੍ਹਾਂ ਦੇ ਸਿਰ ਪੈ ਰਿਹਾ ਹੈ ਜਿਸ ਨੂੰ ਉਹ ਨਹੀਂ ਝੱਲ ਸਕਦੇ। ਇਸੇ ਕਾਰਨ ਇੱਕ ਮਾਚਿਸ ਦੀ ਤੀਲੀ ਪਰਾਲੀ ਨੂੰ ਲਾ ਕੇ ਸਸਤੇ 'ਚ ਕੰਮ ਨਿਪਟਾ ਰਹੇ ਹਨ।
ਜਿੱਥੇ ਵਾਤਾਵਰਣ ਪ੍ਰਦੂਸ਼ਣ ਅਤੇ ਧੂੰਏ ਨਾਲ ਹੋਣ ਵਾਲੀਆਂ ਬਿਮਾਰੀਆਂ ਲਈ ਸਰਕਾਰਾਂ ਤੇ ਆਮ ਲੋਕ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਇੰਨਾ ਬਿਮਾਰੀਆਂ ਦਾ ਸ਼ਿਕਾਰ ਉਹ ਵੀ ਹੁੰਦੇ ਹਨ ਪਰ ਉਹ ਪਰਾਲੀ ਸਾੜਣ ਲਈ ਮਜਬੂਰ ਹਨ।
ਦੂਜੇ ਪਾਸੇ ਕੁਝ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਖ਼ੁਦ ਵੀ ਪਰਾਲੀ ਦੇ ਧੂਏਂ ਅਤੇ ਪ੍ਰਦੂਸ਼ਣ ਤੋਂ ਦੁਖੀ ਹਨ। ਇਸ ਗੰਭੀਰ ਮਸਲੇ ਨੂੰ ਲੈ ਕੇ ਬੀਤੇ ਕਈ ਸਾਲਾਂ ਤੋਂ ਸਿਆਸਤ ਵੀ ਭਖਦੀ ਰਹੀ ਹੈ ਪਰ ਇਸ ਦਾ ਕੋਈ ਸਥਾਈ ਹੱਲ ਅਜੇ ਤੱਕ ਨਹੀਂ ਨਿਕਲਿਆ।