ਬਰਨਾਲਾ:ਆਊਟਸੋਰਸਿੰਗ ਕਰਮਚਾਰੀ ਯੂਨੀਅਨ ਦਫਤਰ ਡਿਪਟੀ ਕਮਿਸ਼ਨਰ (ਪੰਜਾਬ) ਦੇ ਬੈਨਰ ਹੇਠ ਡੀਸੀ ਦਫਤਰ ਬਰਨਾਲਾ ਦੇ ਆਊਟਸੋਰਸਿੰਗ ਮੁਲਾਜਮਾਂ ਵੱਲੋਂ ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਸ਼ੁਰੂ ਕੀਤਾ ਗਿਆ ਮੋਰਚਾ 24ਵੇਂ ਦਿਨ ਪੰਜਾਬ ਸਰਕਾਰ ਦੇ ਭਰੋਸੇ ਉਪਰੰਤ ਖਤਮ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਡੀਸੀ ਦਫ਼ਤਰ ਨਾਲ ਸਬੰਧਤ 13 ਸਾਲਾਂ ਤੋਂ ਕੰਮ ਕਰਦੇ ਆ ਰਹੇ 36 ਆਊਟਸੋਰਸਿੰਗ ਮੁਲਾਜ਼ਮਾਂ ਨੂੰ ਸੂਬਾ ਸਰਕਾਰ ਵਲੋਂ 31 ਦਸੰਬਰ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਵਿਰੁੱਧ ਮੁਲਾਜ਼ਮਾਂ ਨੇ 30 ਦਸੰਬਰ ਤੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਵਜੋਂ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਸੀ। ਧਰਨੇ ਨੂੰ ਅੱਜ ਸਥਾਨਿਕ ਮੰਤਰੀ ਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਾਰਦਵਾਜ ਵਲੋਂ ਦਵਾਏ ਭਰੋਸੇ ਉਪਰੰਤ ਖਤਮ ਕਰ ਦਿੱਤਾ ਗਿਆ ਹੈ।
ਧਰਨੇ ਤੇ ਭੁੱਖ ਹੜਤਾਲ ਬਾਰੇ ਜਾਣਕਾਰੀ ਦਿੰਦਿਆਂ ਮੁਲਾਜ਼ਮਾਂ ਨੇ ਦੱਸਿਆ ਕਿ 19 ਜਨਵਰੀ 2023 ਨੂੰ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਜੀ ਦੀ ਬਰਸੀ ਮੌਕੇ 'ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਉਥੇ ਹਾਜ਼ਰ ਹਲਕੇ ਦੇ ਤਿੰਨੇ ਵਿਧਾਇਕਾਂ ਅਤੇ ਬਰਨਾਲੇ ਦੇ ਸਮੁੱਚੇ ਪ੍ਸ਼ਾਸ਼ਨਿਕ ਅਧਿਕਾਰੀਆਂ ਦੀ ਹਾਜਰੀ ਅਤੇ ਮੀਡੀਆ ਦੀ ਹਾਜ਼ਰੀ 'ਚ ਉਹਨਾਂ ਨੂੰ ਨੌਕਰੀ ਤੋਂ ਨਾ ਹਟਾਉਣ ਦਾ ਭਰੋਸਾ ਦਿੱਤਾ ਸੀ। ਅੱਜ ਮੰਤਰੀ ਦੇ ਓਐਸਡੀ ਹਸਨਪ੍ਰੀਤ ਭਾਰਦਵਾਜ ਤੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਵਲੋਂ ਸਰਕਾਰ ਦਾ ਭਰੋਸਾ ਮੁੜ ਬਰਕਰਾਰ ਰੱਖਿਆ ਗਿਆ।