ਬਰਨਾਲਾ :ਬਰਨਾਲਾ ਸ਼ਹਿਰ ਵਿੱਚ ਪੱਤੀ ਰੋਡ 'ਤੇ ਸੜਕ ਦੇ ਉਪਰ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਦਾ ਸਥਾਨਕ ਲੋਕਾਂ ਵਲੋਂ ਵਿਰੋਧ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਲੋਕਾਂ ਵਲੋਂ ਪ੍ਰਸ਼ਾਸਨ ਦੇ ਖਿਲਾਫ ਇਹ ਠੇਕਾ ਖੋਲ੍ਹੇ ਜਾਣ ਦੇ ਰੋਸ ਵਿੱਚ ਤਿੱਖੀ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਮੌਕੇ ’ਤੇ ਥਾਣਾ ਸਿਟੀ ਦੀ ਪੁਲਿਸ ਪਹੁੰਚੀ ਹੈ। ਜਿਸ ਵਲੋਂ ਠੇਕੇਦਾਰਾਂ ਤੋਂ ਠੇਕਾ ਖੋਲ੍ਹਣ ਦੇ ਸੰਬੰਧਿਤ ਕਾਗਜ਼ਾਤ ਵੀ ਮੰਗੇ ਗਏ ਹਨ। ਇਸ ਤੋਂ ਬਾਅਦ ਸ਼ਰਾਬ ਦੇ ਠੇਕਾ ਨੂੰ ਬੰਦ ਕਰਵਾ ਦਿੱਤਾ ਗਿਆ ਹੈ।
ਨਾਜ਼ਾਇਜ ਤੌਰ ਉੱਤੇ ਖੋਲ੍ਹਿਆ ਠੇਕਾ : ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀਆਂ ਨੇ ਦੱਸਿਆ ਕਿ ਅੱਜ ਆਪਣੇ ਮੁਹੱਲੇ ਵਿੱਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਨਜਾਇਜ਼ ਤੌਰ 'ਤੇ ਸ਼ਰਾਬ ਦੇ ਕੁਝ ਡੱਬੇ ਰੱਖ ਕੇ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ। ਇਸਦਾ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਉਹਨਾਂ ਦੱਸਿਆ ਕਿ ਜਿੱਥੇ ਠੇਕਾ ਨਾਜਾਇਜ਼ ਤੌਰ 'ਤੇ ਖੋਲ੍ਹਿਆ ਗਿਆ ਹੈ, ਉਥੇ ਨਜ਼ਦੀਕ ਕਈ ਵਿੱਦਿਅਕ ਅਦਾਰੇ ਅਤੇ ਧਾਰਮਿਕ ਸਥਾਨ ਹਨ। ਜਦਕਿ ਉਨ੍ਹਾਂ ਕਿਹਾ ਕਿ ਠੇਕੇ 'ਤੇ ਕੰਮ ਕਰਦੇ ਕਰਮਚਾਰੀ ਨੇ ਵੀ ਮੰਨਿਆ ਕਿ ਇਸ ਸ਼ਰਾਬ ਦੇ ਠੇਕੇ ਨੂੰ ਗਲਤ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਆਬਕਾਰੀ ਵਿਭਾਗ ਤੇ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚੀ ਅਤੇ ਪੁਲਸ ਵੱਲੋਂ ਠੇਕਾ ਬੰਦ ਕਰਵਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਥਾਨਕ ਵਿਧਾਇਕ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੀ ਜਾਣੂੰ ਕਰਵਾ ਦਿੱਤਾ ਗਿਆ ਹੈ।