ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਵੱਲੋਂ ਵਿਰਾਸਤ, ਇਤਿਹਾਸ, ਕਲਾ ਅਤੇ ਸਾਹਿਤ ਦੇ ਸੁਮੇਲ ਲਈ ਵੱਡਾ ਯਤਨ ਕਰਦਿਆਂ ਇੱਕ ਓਪਨ ਆਰਟ ਗੈਲਰੀ ਬਣਾਈ ਗਈ ਹੈ। ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਨਿਵੇਕਲਾ ਉਪਰਾਲਾ ਕਰਦੇ ਹੋਏ ਇਸ ਓਪਨ ਆਰਟ ਗੈਲਟੀ ਨੂੰ ਬਨਾਉਣ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ। ਪਿੰਡ ਦੇ ਐਂਟਰੀ ਗੇਟ ’ਤੇ ਬਣਾਈ ਇਸ ਗੈਲਰੀ ਵਿੱਚ ਸ਼ਹੀਦ ਭਗਤ ਸਿੰਘ, ਸੰਤ ਰਾਮ ਉਦਾਸੀ, ਬਾਬਾ ਬੁੱਲ੍ਹੇ ਸ਼ਾਹ, ਲਿਓ ਟਾਲਸਟਾਏ, ਗਦਰੀ ਗੁਲਾਬ ਕੌਰ, ਨਾਟਕਕਾਰ ਗੁਰਸ਼ਰਨ ਸਿੰਘ, ਬਾਬਾ ਨਜ਼ਮੀ, ਸਵਿੱਤਰੀ ਬਾਈ ਫੂਲੇ ਅਤੇ ਲਾਲ ਸਿੰਘ ਦਿਲ ਦੇ ਬੁੱਤ ਸਥਾਪਿਤ ਕੀਤੇ ਗਏ ਹਨ। ਇਸ ਗੈਲਰੀ ਦਾ ਉਦਘਾਟਨ ਦੌਰਾਨ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਇਕਬਾਲ ਕੌਰ ਉਦਾਸੀ, ਬਲਦੇਵ ਸੜਕਨਾਮਾ, ਅਮੋਲਕ ਸਿੰਘ ਪ੍ਰਧਾਨ ਪਲੱਸ ਮੰਚ ਅਤੇ ਰਜਿੰਦਰ ਭਦੌੜ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਜਿਹਨਾਂ ਨੇ ਪਿੰਡ ਵਾਸੀਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਾਲਾਘਾ ਕੀਤੀ।
ਇਤਿਹਾਸ ਅਤੇ ਵਿਰਾਸਤ ਨੂੰ ਬੁੱਕਲ ਵਿੱਚ ਲੈਣ ਦਾ ਯਤਨ: ਇਸ ਦੌਰਾਨ ਪਲੱਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਪਿੰਡ ਰਾਮਗੜ੍ਹ ਦੀ ਇਹ ਆਰਟ ਗੈਲਰੀ ਦੁਨੀਆਂ ਭਰ ਦੇ ਇਤਿਹਾਸ ਅਤੇ ਵਿਰਾਸਤ ਨੂੰ ਬੁੱਕਲ ਵਿੱਚ ਲੈਣ ਦਾ ਯਤਨ ਹੈ। ਪੰਜ ਦਰਿਆਵਾਂ ਦੀ ਧਰਤੀ ਨੂੰ ਇੱਕ ਜਗ੍ਹਾ ਸੰਗਮ ਕਰਨ ਦਾ ਯਤਨ ਕੀਤਾ ਗਿਆ ਹੈ। ਜੋ ਕੰਮ ਸਾਡੀਆਂ ਯੂਨੀਵਰਸਿਟੀਆਂ ਨੂੰ ਕਰਨੇ ਚਾਹੀਦੇ ਸਨ ਉਹ ਇੱਕੋ ਛੋਟੇ ਜਿਹੇ ਪਿੰਡ ਵੱਲੋਂ ਕੀਤੇ ਗਏ ਹਨ। ਇਸ ਗੈਲਰੀ ਵਿੱਚ ਜਿਹਨਾਂ ਮਹਾਨ ਸਖਸ਼ੀਅਤਾਂ ਦੇ ਬੁੱਤ ਸਥਾਪਿਤ ਕੀਤੇ ਗਏ ਹਨ, ਉਹ ਸਾਡੇ ਅਸਲੀ ਨਾਇਕ ਹਨ। ਜਿਹਨਾਂ ਨੂੰ ਹੱਦਾਂ ਸਰਹੱਦਾਂ, ਜਾਤ-ਪਾਤ, ਬੋਲੀ ਜਾਂ ਧਰਮ ਦੇ ਦਾਇਰੇ ਵਿੱਚ ਨਹੀਂ ਰੱਖਿਆ ਜਾ ਸਕਦਾ। ਅਜਿਹੀ ਵਿਰਾਸਤੀ ਗੈਲਰੀ ਬਣਾਉਣ ਦੀ ਮਹੱਤਤਾ ਅੱਜ ਹੀ ਨਹੀਂ, ਬਲਕਿ ਆਉਣ ਵਾਲੇ ਕੱਲ੍ਹ ਲਈ ਵੀ ਵਧੇਰੇ ਮਹੱਤਵਪੂਰਨ ਰਹੇਗੀ। ਇਹ ਇਤਿਹਾਸ,ਵਿਰਾਸਤ, ਕਲਾ ਅਤੇ ਸਾਹਿਤ ਦਾ ਸੰਗਮ ਹੈ। ਉਹਨਾਂ ਕਿਹਾ ਕਿ ਅੱਜ ਜਦੋਂ ਦੇਸ਼ ਦੇ ਲੋਕਾਂ ਨੂੰ ਧਰਮਾਂ ਤੇ ਜਾਤ-ਪਾਤ ਦੇ ਨਾਮ ’ਤੇ ਵੰਡਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ, ਉਸ ਮੌਕੇ ਰਾਮਗੜ੍ਹ ਵਾਸੀਆਂ ਵੱਲੋਂ ਆਰਟ ਗੈਲਰੀ ਰਾਹੀਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਪਾਈ ਗਈ ਸਾਂਝ ਚੰਗੀ ਅਤੇ ਨਿਵੇਕਲੀ ਪਹਿਲ ਹੈ।