ਪੰਜਾਬ

punjab

By

Published : Jun 17, 2020, 12:17 PM IST

ETV Bharat / state

ਆਨਲਾਈਨ ਪੜ੍ਹਾਈ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਇੱਕ ਕਲਪਨਾ

ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲੌਕਡਾਊਨ ਦੌਰਾਨ ਵਿੱਦਿਅਕ ਅਦਾਰੇ ਬੰਦ ਹਨ ਜਿਸ ਕਾਰਨ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਦਰਮਿਆਨ ਸਮੱਸਿਆ ਹੈ ਕਿ ਗਰੀਬ ਪਰਿਵਾਰਾਂ ਨਾਲ ਸਬੰਧਤ ਬੱਚੇ ਸਮਾਰਟਫੋਨ ਨਾ ਹੋਣ ਕਾਰਨ ਆਨਲਾਈਨ ਪੜ੍ਹਾਈ ਤੋਂ ਅਸਮਰੱਥ ਹਨ।

ਫ਼ੋਟੋ।
ਫ਼ੋਟੋ।

ਬਰਨਾਲਾ: ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲੌਕਡਾਊਨ ਨਾਲ ਹਰ ਤਰ੍ਹਾਂ ਦੇ ਛੋਟੇ ਤੇ ਵੱਡੇ ਕਾਰੋਬਾਰ ਪ੍ਰਭਾਵਿਤ ਹੋਏ ਹਨ। ਇਸੇ ਵਿਚਾਲੇ ਬੱਚਿਆਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਵਿੱਦਿਅਕ ਅਦਾਰੇ ਵੀ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਹਨ। 22 ਮਾਰਚ ਤੋਂ ਲਗਾਤਾਰ ਸਕੂਲ ਅਤੇ ਕਾਲਜ ਬੰਦ ਹਨ।

ਸਭ ਤੋਂ ਪਹਿਲਾਂ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਤੋਂ ਫੀਸਾਂ ਲੈਣ ਦੀ ਆੜ ਵਿੱਚ ਆਨਲਾਈਨ ਪੜ੍ਹਾਈ ਸ਼ੁਰੂ ਕਰਵਾਈ ਗਈ। ਇਸ ਤਹਿਤ ਬੱਚਿਆਂ ਨੂੰ ਮੋਬਾਈਲਾਂ ਉੱਪਰ ਰੋਜ਼ਾਨਾ ਹੋਮ ਵਰਕ ਭੇਜਿਆ ਜਾਣ ਲੱਗਾ। ਵਟਸਐਪ ਰਾਹੀਂ ਬੱਚੇ ਰੋਜ਼ਾਨਾ ਆਨਲਾਈਨ ਕਲਾਸਾਂ ਲਗਾ ਰਹੇ ਹਨ। ਪ੍ਰਾਈਵੇਟ ਸਕੂਲਾਂ ਦੀ ਤਰਜ਼ 'ਤੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਆਨਲਾਈਨ ਕਲਾਸਾਂ ਰਾਹੀਂ ਪੜ੍ਹਾਇਆ ਜਾਣ ਲੱਗਿਆ ਹੈ।

ਇਸ ਦਰਮਿਆਨ ਇਕ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਇਹ ਸਮੱਸਿਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਬਹੁ ਗਿਣਤੀ ਬੱਚੇ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ, ਜਿਸ ਕਰਕੇ ਗ਼ਰੀਬ ਪਰਿਵਾਰਾਂ ਵਿੱਚ ਸਮਾਰਟਫੋਨ ਨਹੀਂ ਹਨ ਤੇ ਬੱਚੇ ਆਨਲਾਈਨ ਪੜ੍ਹਾਈ ਕਰਨ ਤੋਂ ਅਸਮਰੱਥ ਹਨ। ਭਾਵੇਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਇਹ ਉਪਰਾਲਾ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਲਿਆ ਗਿਆ, ਪਰ ਸਮਾਰਟ ਫੋਨਾਂ ਦੀ ਘਾਟ ਕਾਰਨ ਬੱਚੇ ਆਨਲਾਈਨ ਪੜ੍ਹਾਈ ਨਹੀਂ ਕਰ ਸਕਦੇ।

ਇਸ ਸਬੰਧੀ ਈਟੀਵੀ ਭਾਰਤ ਵੱਲੋਂ ਜ਼ਮੀਨੀ ਹਕੀਕਤ ਲਈ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਬੱਚਿਆਂ ਦੇ ਘਰਾਂ ਵਿੱਚ ਜਾ ਕੇ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ, ਜਿਸ ਤੋਂ ਬਾਅਦ ਇਸ ਦੀ ਅਸਲੀਅਤ ਸਾਹਮਣੇ ਆ ਸਕੀ ਹੈ।

ਵੇਖੋ ਵੀਡੀਓ

ਬੱਚਿਆਂ ਨੇ ਕਿਹਾ ਕਿ ਉਹ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ। ਤਿੰਨ ਮਹੀਨਿਆਂ ਤੋਂ ਸਕੂਲ ਬੰਦ ਹਨ ਤੇ ਅਧਿਆਪਕ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ, ਪਰ ਉਨ੍ਹਾਂ ਦੇ ਘਰਾਂ ਵਿੱਚ ਸਮਾਰਟਫੋਨ ਨਹੀਂ ਹਨ ਜਿਸ ਕਰਕੇ ਉਹ ਆਨਲਾਈਨ ਕਲਾਸਾਂ ਨਹੀਂ ਲਗਾ ਪਾਉਂਦੇ। ਉਹ ਆਪਣੇ ਆਪ ਹੀ ਕਿਤਾਬਾਂ ਰਾਹੀਂ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਦੋਸਤ ਦੇ ਘਰ ਕਦੇ ਕਦਾਈਂ ਜਾ ਕੇ ਮੋਬਾਇਲ ਰਾਹੀਂ ਪੜ੍ਹਾਈ ਕਰ ਲੈਂਦੇ ਹਨ। ਫਿਰ ਵੀ ਸਕੂਲ ਦਾ ਕੰਮ ਕਰਨ ਵਿੱਚ ਸਮੱਸਿਆ ਆ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਜਾਂ ਤਾਂ ਉਨ੍ਹਾਂ ਲਈ ਸਮਾਰਟਫੋਨ ਦਾ ਪ੍ਰਬੰਧ ਕਰੇ ਜਾਂ ਸਕੂਲ ਖੋਲ੍ਹੇ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਉੱਤੇ ਮਾੜਾ ਅਸਰ ਨਾ ਪਵੇ।

ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਲੌਕਡਾਊਨ ਕਾਰਨ ਸਕੂਲ ਤਿੰਨ ਮਹੀਨੇ ਤੋਂ ਬੰਦ ਹਨ ਜਿਸ ਕਰਕੇ ਬੱਚੇ ਘਰਾਂ ਵਿੱਚ ਬੈਠ ਕੇ ਪੜ੍ਹ ਰਹੇ ਹਨ। ਅਧਿਆਪਕ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ ਪਰ ਬੱਚਿਆਂ ਕੋਲੋਂ ਮੋਬਾਇਲ ਨਹੀਂ ਹਨ। ਉਨ੍ਹਾਂ ਦੇ ਘਰਾਂ ਦੇ ਹਾਲਾਤ ਇੰਨੇ ਮਾੜੇ ਹਨ ਕਿ ਘਰ ਦੇ ਗੁਜ਼ਾਰੇ ਹੀ ਮਸਾਂ ਚੱਲਦੇ ਹਨ, ਜਿਸ ਕਰਕੇ ਉਹ ਬੱਚਿਆਂ ਨੂੰ ਸਮਾਰਟਫੋਨ ਲੈ ਕੇ ਨਹੀਂ ਦੇ ਸਕਦੀ। ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਆਨਲਾਈਨ ਪੜ੍ਹਾਈ ਦਾ ਕੋਈ ਪ੍ਰਬੰਧ ਕਰੇ।

ਇਸ ਸਬੰਧੀ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਕੰਵਲਜੀਤ ਕੌਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਛੇਵੀਂ ਤੋਂ ਬਾਰ੍ਹਵੀਂ ਤੱਕ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਤੋਂ ਸਿਲੇਬਸ ਦੇ ਲੈਕਚਰ ਤਿਆਰ ਕਰਵਾਏ ਗਏ ਹਨ। ਬੱਚਿਆਂ ਨੂੰ ਰੇਡੀਓ, ਟੈਲੀਵਿਜ਼ਨ ਅਤੇ ਸਮਾਰਟ ਫੋਨ ਨਾਲ ਜੋੜ ਕੇ ਪੜ੍ਹਾਈ ਕਰਵਾਈ ਜਾ ਰਹੀ ਹੈ। ਜ਼ਿਲ੍ਹੇ ਵਿੱਚ 32,244 ਬੱਚੇ ਪੜ੍ਹ ਰਹੇ ਹਨ, ਜਿਨ੍ਹਾਂ ਵਿੱਚੋਂ 3,600 ਬੱਚਿਆਂ ਕੋਲ ਆਨਲਾਈਨ ਪੜ੍ਹਾਈ ਕਰਨ ਲਈ ਸਾਧਨ ਨਹੀਂ ਹਨ। ਇਨ੍ਹਾਂ ਬੱਚਿਆਂ ਨੂੰ ਹੋਰ ਸਾਥੀਆਂ ਨਾਲ ਜੋੜ ਕੇ ਪੜ੍ਹਾਈ ਕਰਵਾਈ ਜਾ ਰਹੀ ਹੈ।

ABOUT THE AUTHOR

...view details