ਬਰਨਾਲਾ: ਪਿੰਡ ਗਹਿਲ ਵਿਖੇ ਦੋ ਧਿਰਾਂ ਦਰਮਿਆਨ ਹੋਏ ਖੂਨੀ ਝਗੜੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਕਈ ਵਿਅਕਤੀ ਜਖ਼ਮੀ ਹੋ ਗਏ। ਦੋਵੇਂ ਧਿਰਾਂ ਦੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ।
ਬਰਨਾਲਾ 'ਚ ਦੋ ਧਿਰਾਂ ਦੀ ਲੜਾਈ ਨੇ ਲਈ ਨੌਜਵਾਨ ਦੀ ਜਾਨ ਇਸ ਸਬੰਧੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਪ੍ਰਿੰਸ ਸਿੰਘ ਦੋਸਤਾਂ ਨਾਲ ਗਹਿਲ ਗਿਆ ਹੋਇਆ ਸੀ। ਜਿੱਥੇ ਪਹਿਲਾਂ ਤੋਂ ਹੀ ਉਡੀਕ ਕਰ ਰਹੇ 20-25 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਜਿਸ ਵਿੱਚ ਉਸ ਦੇ ਪੁੱਤਰ ਸਮੇਤ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ ਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਉਸ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਜ਼ਖਮੀ ਨੌਜਵਾਨ ਰਾਜਾ ਸਿੰਘ ਨੇ ਦੱਸਿਆ ਕਿ ਉਹ ਤੂੜੀ ਲੈਣ ਪਿੰਡ ਗਹਿਲ ਵਿਖੇ ਆਪਣੇ ਦੋਸਤਾਂ ਨਾਲ ਗਿਆ ਸੀ। ਜਿੱਥੇ 20-25 ਵਿਅਕਤੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਜਿਸ ਵਿੱਚ ਉਹ ਤਿੰਨੇ ਜਣੇ ਜ਼ਖਮੀ ਹੋ ਗਏ ਅਤੇ ਉਸਦੇ ਇਕ ਸਾਥੀ ਦੀ ਮੌਤ ਹੋ ਗਈ।
ਇਸ ਸਾਰੀ ਘਟਨਾ ਸਬੰਧੀ ਜਾਂਚ ਕਰ ਰਹੀ ਥਾਣਾ ਟੱਲੇਵਾਲ ਦੀ ਐਸਐਚਓ ਅਮਨਦੀਪ ਕੌਰ ਨੇ ਦੱਸਿਆ ਕਿ ਦੋ ਧੜਿਆਂ ਵਿਚ ਆਪਸੀ ਲੜਾਈ ਹੋਈ ਹੈ, ਜਿਸ ਵਿੱਚ ਕੁਝ ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਜ਼ਖ਼ਮੀਆਂ ਵਿੱਚੋਂ ਇੱਕ ਨੌਜਵਾਨ ਗੰਭੀਰ ਹਾਲਤ ਵਿਚ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਸੀ, ਜਿਸ ਦੀ ਮੌਤ ਬਾਰੇ ਪਤਾ ਲੱਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਪੂਰੀ ਪੜਤਾਲ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।