ਬਰਨਾਲਾ: ਵੀਰਵਾਰ ਨੂੰ ਠੀਕਰੀਵਾਲਾ ਰੋਡ ’ਤੇ ਸ਼ਾਮ ਸਮੇਂ ਵਾਪਰੇ ਇੱਕ ਭਿਆਨਕ ਸੜਕ ਹਾਦਸੇ ’ਚ ਇੱਕ ਦੀ ਮੌਤ ਤੇ ਤਿੰਨ ਨੌਜਵਾਨਾਂ ਜਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਸ਼ਾਮ ਸਾਢੇ ਕੁ ਸੱਤ ਵਜੇ ਦੇ ਕਰੀਬ ਪਿੰਡ ਗਹਿਲ ਦੇ ਤਿੰਨ ਤੇ ਹਠੂਰ ਵਾਸੀ ਇੱਕ ਨੌਜਵਾਨ ਸਵਿਫ਼ਟ ਕਾਰ ਨੰਬਰ ਪੀਬੀ 09- ਡਬਲਯੂ- 6007 ’ਚ ਕਾਰ ਦੀ ਮੁਰੰਮਤ ਕਰਵਾ ਕੇ ਬਰਨਾਲਾ ਤੋਂ ਵਾਪਸ ਪਿੰਡ ਵੱਲ ਨੂੰ ਜਾ ਰਹੇ ਸਨ। ਜਦ ਉਹ ਠੀਕਰੀਵਾਲਾ ਰੋਡ ’ਤੇ ਪਿੰਡ ਸੰਘੇੜੇ ਨੂੰ ਜਾਣ ਵਾਲੀ ਸੜਕ ਲਾਗੇ ਪੁੱਜੇ ਤਾਂ ਅਚਾਨਕ ਹੀ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਦੋ ਨਿੰਮ ਦੇ ਦਰਖ਼ਤਾਂ ਵਿਚਕਾਰ ਜਾ ਕੇ ਫ਼ਸ ਗਈ। ਜਿਸ ਕਾਰਨ ਕਾਰ ’ਚ ਸਵਾਰ ਤਿੰਨ ਨੌਜਵਾਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਜਦਕਿ ਕਾਰ ਦੀ ਪਿਛਲੀ ਸੀਟ ’ਤੇ ਬੈਠਾ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ।
ਬਰਨਾਲਾ ’ਚ ਸੜਕ ਹਾਦਸੇ ਵਿੱਚ ਇੱਕ ਦੀ ਮੌਤ,ਤਿੰਨ ਨੌਜਵਾਨ ਜਖ਼ਮੀ
ਵੀਰਵਾਰ ਨੂੰ ਠੀਕਰੀਵਾਲਾ ਰੋਡ ’ਤੇ ਸ਼ਾਮ ਸਮੇਂ ਵਾਪਰੇ ਇੱਕ ਭਿਆਨਕ ਸੜਕ ਹਾਦਸੇ ’ਚ ਇੱਕ ਦੀ ਮੌਤ ਤੇ ਤਿੰਨ ਨੌਜਵਾਨਾਂ ਜਖ਼ਮੀ ਹੋ ਗਏ।
ਜਖ਼ਮੀਆਂ ਨੂੰ ਰਾਹਗੀਰਾਂ ਦੀ ਮੱਦਦ ਨਾਲ ਵੱਖ ਵੱਖ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ। ਜਿੰਨ੍ਹਾਂ ਵਿੱਚੋਂ ਬੇਹੱਦ ਨਾਜੁਕ ਹਾਲਤ ਨੌਜਵਾਨ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦੇਰ ਰਾਤ ਦਮ ਤੋੜ ਗਿਆ, ਜਿਸ ਦੀ ਪਹਿਚਾਣ ਗੁਰਪ੍ਰੀਤ ਸਿੰਘ (25) ਪੁੱਤਰ ਸਤਵੰਤ ਸਿੰਘ ਵਾਸੀ ਗਹਿਲ ਵਜੋਂ ਹੋਈ ਹੈ। ਇਸ ਤੋਂ ਇਲਾਵਾ ਜਖ਼ਮੀਆਂ ਵਿੱਚ ਗੁਰਵਿੰਦਰ ਸਿੰਘ, ਜਸਪ੍ਰੀਤ ਸਿੰਘ ਵਾਸੀਆਨ ਗਹਿਲ ਤੇ ਜਿੰਮੀ ਵਾਸੀ ਹਠੂਰ (ਪਿੰਡ ਗਹਿਲ ਵਿਖੇ ਫੀਡ ਦੀ ਦੁਕਾਨ ਕਰਦਾ ਹੈ) ਸ਼ਾਮਲ ਹਨ ਜੋ ਵੱਖ ਵੱਖ ਪ੍ਰਾਈਵੇਟ ਹਸਪਤਾਲਾਂ ’ਚ ਜ਼ੇਰੇ ਇਲਾਜ਼ ਹਨ।
ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਘਰ ’ਚ ਇਕੱਲਾ ਕਮਾਊ ਸੀ, ਜਿਸ ਦੇ ਪਿਤਾ ਦੀ ਡੇਢ ਕੁ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਸਮੇਂ ਘਰ ’ਚ ਗੁਰਪ੍ਰੀਤ ਸਿੰਘ ਦੀ ਇਕੱਲੀ ਮਾਤਾ ਹੀ ਰਹਿ ਗਈ ਹੈ। ਪ੍ਰਤੱਖ ਦਰਸ਼ੀਆਂ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ, ਜੋ ਅੱਗੇ ਤੋਂ ਆ ਰਹੀ ਇੱਕ ਹੋਰ ਕਾਰ ਨੂੰ ਪਾਸ ਕਰਨ ਪਿੱਛੋਂ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ।