ਬਰਨਾਲਾ: ਕਸਬਾ ਭਦੌੜ ਵਿੱਚ ਨੈਸ਼ਨਲ ਪੱਧਰ 'ਤੇ ਬੈਡਮਿੰਟਨ ਖੇਡ ਚੁੱਕੀ ਤੇ ਝੁੱਗੀ 'ਚ ਰਹਿਣ ਵਾਲੀ ਮਨਜੀਤ ਕੌਰ ਨਾਲ ਕੈਨੇਡਾ ਤੋਂ ਆਏ ਮਹਿੰਦਰ ਸਿੰਘ ਨੇ ਵਿਆਹ ਕਰਵਾਇਆ। ਇਸ ਵਿਆਹ ਦੀ ਸੋਸ਼ਲ ਮੀਡੀਆ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ।
ਦਰਅਸਲ ਮਨਜੀਤ ਨੈਸ਼ਨਲ ਪੱਧਰ ਉੱਤੇ ਬੈਡਮਿੰਟਨ ਖੇਡ ਚੁੱਕੀ ਹੈ, ਪਰ ਘਰ ਦੀ ਗਰੀਬੀ ਅਤੇ ਬੀਮਾਰੀ ਨੇ ਉਸ ਨੂੰ ਲਾਚਾਰ ਬਣਾ ਦਿੱਤਾ। ਇਸ ਦੀ ਖਬਰ ਕੈਨੇਡਾ ਦੇ ਇਕ ਅਖਬਾਰ ਵਿੱਚ ਛਪੀ, ਜਿਸ ਨੂੰ ਪੜ੍ਹ ਕੇ ਇੱਕ ਨੌਜਵਾਨ ਦਾ ਦਿਲ ਪਸੀਜ ਗਿਆ ਅਤੇ ਇਸ ਐਨਆਰਆਈ ਨੇ ਮਨਜੀਤ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਜਿਸ ਤੋਂ ਬਾਅਦ ਕੈਨੇਡਾ ਰਹਿੰਦਾ ਮਹਿੰਦਰ ਸਿੰਘ ਭਦੌੜ ਆਇਆ ਅਤੇ ਮਨਜੀਤ ਨਾਲ ਸਾਦੇ ਢੰਗ ਨਾਲ ਵਿਆਹ ਰਚਾ ਲਿਆ।
ਮਹਿੰਦਰ ਪਿਛਲੇ ਦੋ ਮਹੀਨਿਆਂ ਤੋਂ ਮਨਜੀਤ ਨਾਲ ਉਸ ਦੀ ਝੁੱਗੀ ਵਿੱਚ ਰਹਿ ਰਿਹਾ ਹੈ। ਇਸ ਅਨੋਖੇ ਵਿਆਹ ਦੀ ਸ਼ੋਸ਼ਲ ਮੀਡੀਆ ਅਤੇ ਨੇੜਲੇ ਇਲਾਕਿਆਂ ਵਿੱਚ ਖੂਬ ਚਰਚਾ ਹੋ ਰਹੀ ਹੈ। ਮਨਜੀਤ ਕੌਰ ਨੇ ਦੱਸਿਆ ਕਿ ਉਹ ਰਾਸ਼ਟਰੀ ਪੱਧਰ ਦੀ ਬੈਡਮਿੰਟਨ ਖਿਡਾਰੀ ਰਹੀ ਹੈ। 2009 ਵਿੱਚ ਉਸਨੇ ਆਪਣੀ ਸਰੀਰਕ ਸਮੱਸਿਆਵਾਂ ਕਾਰਨ ਬੈਡਮਿੰਟਨ ਖੇਡਣਾ ਛੱਡ ਦਿੱਤਾ। ਉਸ ਦੀ ਖੇਡ ਅਤੇ ਬਿਮਾਰੀ ਸਬੰਧੀ ਖ਼ਬਰ ਇੱਕ ਕੈਨੇਡੀਅਨ ਅਖਬਾਰ ਵਿੱਚ ਪ੍ਰਕਾਸ਼ਤ ਹੋਈ ਸੀ, ਜਿਸ ਤੋਂ ਬਾਅਦ ਕੈਨੇਡਾ ਨਿਵਾਸੀ ਮਹਿੰਦਰ ਸਿੰਘ ਨੇ ਫੋਨ ਕੀਤਾ ਅਤੇ ਸਹਾਇਤਾ ਦੀ ਪੇਸ਼ਕਸ਼ ਕੀਤੀ।