ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਤਹਿਤ ਪੰਜਾਬ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਹੋਈ। ਇਸ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਰੁਲਦੂ ਸਿੰਘ ਮਾਨਸਾ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ 26 ਜੂਨ ਨੂੰ ਪੂਰੇ ਦੇਸ਼ ਵਿੱਚ ਦੇਸ਼ ਦੀ ਐਮਰਜੈਂਸੀ ਅਤੇ ਕਿਸਾਨ ਅੰਦੋਲਨ ਦੇ ਦਿੱਲੀ ਵਿਖੇ ਸੱਤ ਮਹੀਨੇ ਪੂਰੇ ਹੋਣ 'ਤੇ ਕੀਤਾ ਗਿਆ ਰੋਸ ਪ੍ਰਦਰਸ਼ਨ ਪੂਰਾ ਸਫ਼ਲ ਰਿਹਾ ਹੈ।
ਚੰਡੀਗੜ੍ਹ ਪੁਲਿਸ ਵੱਲੋਂ ਕੁਝ ਕਿਸਾਨ ਆਗੂਆਂ ਅਤੇ ਹੋਰ ਸਾਥੀਆਂ 'ਤੇ ਦਰਜ ਕੀਤੇ ਗਏ ਪਰਚਿਆਂ 'ਤੇ ਕਿਸਾਨ ਆਗੂ ਨੇ ਕਿਹਾ ਕਿ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਸੰਘਰਸ਼ ਕਰਦੇ ਲੋਕਾਂ 'ਤੇ ਇਸ ਤਰ੍ਹਾਂ ਧੱਕਾ ਅਤੇ ਜ਼ਬਰ ਕਰਦਾ ਹੀ ਹੁੰਦਾ ਹੈ। ਉਹ ਇਸ ਤਰ੍ਹਾਂ ਦੇ ਜ਼ਬਰ ਅਤੇ ਪਰਚਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਇਨ੍ਹਾਂ ਪਰਚਿਆਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਲੜਿਆ ਜਾਵੇਗਾ। ਉਨ੍ਹਾਂ ਖੇਤੀ ਮੰਤਰੀ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਸੱਦਿਆਂ 'ਤੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਕਾਨੂੰਨ ਦੀ ਗਾਰੰਟੀ ਤੋਂ ਬਿਨਾਂ ਉਨ੍ਹਾਂ ਨੂੰ ਕੋਈ ਸ਼ਰਤ ਮਨਜ਼ੂਰ ਨਹੀਂ ਹੈ। ਜਦਕਿ ਸਰਕਾਰ ਅਜੇ ਵੀ ਸੋਧ ਕਰਨ 'ਤੇ ਅੜੀ ਹੋਈ ਹੈ।