ਬਰਨਾਲਾ:ਸੂਬਾ ਸਰਕਾਰ ਵੱਲੋਂ ਕੱਚੇ ਸਿਹਤ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਮਸਲਾ ਨੇਪਰੇ ਨਾ ਚਾੜ੍ਹਣ ਤੋਂ ਅੱਕੇ ਸਿਹਤ ਵਿਭਾਗ ਦੇ ਐੱਨਐੱਚਐੱਮ ਤਹਿਤ ਕੰਮ ਕਰਦੇ ਸਮੂਹ ਮੁਲਾਜਮਾਂ ਵੱਲੋਂ 23 ਮਾਰਚ ਨੂੰ ਸਿਹਤ ਮੰਤਰੀ ਪੰਜਾਬ ਦੇ ਹਲਕੇ ਪਟਿਆਲਾ ਵਿੱਚ ਰੈਲੀ ਕਰਨ ਅਤੇ 24 ਮਾਰਚ ਨੂੰ ਸਮੂਹਿਕ ਰੂਪ ਵਿੱਚ ਹੜਤਾਲ ‘ਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਕੱਚੇ ਮੁਲਾਜ਼ਮਾਂ ਵੱਲੋਂ ਮੰਗ ਪੱਤਰ ਸੌਂਪਿਆ ਗਿਆ। ਜਾਣਕਾਰੀ ਦਿੰਦਿਆਂ ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਦੇ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੌਮੀ ਸਿਹਤ ਮਿਸ਼ਨ (ਐਨਐਚਐਮ) ਤਹਿਤ ਕੰਮ ਕਰਦੇ ਸਮੂਹ ਕੱਚੇ ਮੁਲਾਜਮਾਂ ਨੂੰ ਸਰਕਾਰ ਬਣਨ ‘ਤੇ ਰੈਗੂਲਰ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪਰ ਹੁਣ ਸਰਕਾਰ ਬਣਿਆ ਇੱਕ ਸਾਲ ਪੂਰਾ ਹੋ ਗਿਆ ਹੈ ਅਤੇ ਨੈਸ਼ਨਲ ਹੇਲਥ ਮਿਸ਼ਨ ਤਹਿਤ ਕੰਮ ਕਰਨ ਵਾਲਾ ਕਿਸੇ ਵੀ ਮੁਲਾਜ਼ਮ ਨੁੰ ਰੈਗੂਲਰ ਨਹੀਂ ਕੀਤਾ ਗਿਆ ਹੈ।
ਭਰਤੀਆਂ ਯੋਗ ਪ੍ਰਕਿਰਆ ਰਾਹੀਂ ਹੋਈਆਂ: ਉਨ੍ਹਾਂ ਕਿਹਾ ਕਿ ਐੱਨਐੱਚਐੱਮ ਮੁਲਾਜ਼ਮ ਆਪਣੀ ਅਸਾਮੀ ਦੇ ਹਿਸਾਬ ਨਾਲ ਯੋਗਤਾ ਪੂਰੀ ਕਰਦੇ ਹਨ ਅਤੇ ਐੱਨਐੱਚਐੱਮ ਦੀਆਂ ਭਰਤੀਆਂ ਯੋਗ ਪ੍ਰਕਿਰਆ ਰਾਹੀਂ ਹੋਈਆਂ ਹਨ, ਪਰ ਫਿਰ ਵੀ ਕੱਚੇ ਸਿਹਤ ਮੁਲਾਜ਼ਮਾਂ ਦੀ ਠੇਕੇਦਾਰੀ ਸਿਸਟਮ ਤਹਿਤ ਪਿਛਲੇ ਪੰਦਰ੍ਹਾਂ ਸਾਲਾਂ ਤੋਂ ਆਰਥਿਕ ਅਤੇ ਮਾਨਸਿਕ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਚੋਣ ਵਾਅਦਿਆਂ ਤੋਂ ਭੱਜ ਰਹੀ ਹੈ।ਉਨ੍ਹਾਂ ਕਿਹਾ ਜੇਕਰ ਸਰਕਾਰ ਦਾ ਰਵੱਈਆ ਇਸ ਤਰ੍ਹਾਂ ਸਿਹਮਤ ਮੁਲਜ਼ਮਾਂ ਖ਼ਿਲਾਫ਼ ਕਾਇਮ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ 10 ਹਜ਼ਾਰ ਦੇ ਕਰੀਬ ਕੱਚੇ ਮੁਲਜ਼ਮ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਹੜਤਾਲ ਉੱਤੇ ਜਾਣਗੇ।