ਬਰਨਾਲਾ :ਸੂਬਾ ਸਰਕਾਰ ਵੱਲੋਂ ਕੱਚੇ ਸਿਹਤ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਫੈਸਲਾ ਨਾ ਲੈਣ ਤੋਂ ਅੱਕੇ ਕੱਚੇ ਸਿਹਤ ਮੁਲਾਜ਼ਮਾਂ ਵੱਲੋਂ ਜਲੰਧਰ ਜ਼ਿਮਨੀ ਚੋਣ ਦੌਰਾਨ ‘ਆਪ’ ਸਰਕਾਰ ਖਿਲਾਫ ਪੋਲ ਖੋਲ੍ਹ ਰੈਲੀ ਕਰਦਿਆਂ ਜਲੰਧਰ ਦੇ ਲੋਕਾਂ ਨੂੰ ਸਰਕਾਰ ਦੀ ਅਸਲੀਅਤ ਦੱਸਣ ਦਾ ਫੈਸਲਾ ਲਿਆ ਗਿਆ ਹੈ। ਐਨਐਚਐਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਸਮੂਹ ਕੱਚੇ ਸਿਹਤ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਜਲੰਧਰ ਜਾਣਗੇ ਤੇ ਉੱਥੇ ਸਰਕਾਰ ਖਿਲਾਫ ਪੋਲ ਖੋਲ੍ਹ ਰੈਲੀ ਕਰਨ ਉਪਰੰਤ ਜਲੰਧਰ ਦੇ ਲੋਕਾਂ ਵਿੱਚ 50 ਹਜ਼ਾਰ ਪੈਂਫਲਿਟ ਵੰਡਣਗੇ। ਕੱਚੇ ਕਾਮਿਆਂ ਨੇ ਫੈਸਲਾ ਕੀਤਾ ਹੈ ਕਿ ਉਹ ਜਲੰਧਰ ਦੇ ਲੋਕਾਂ ਨੂੰ ਪੈਂਫਲਿਟ ਰਾਹੀਂ ਦੱਸਣਗੇ ਕਿ ਇਸ ਸਰਕਾਰ ਨੇ ਸਿਹਤ ਵਿਭਾਗ ਵਿੱਚ ਅਜੇ ਤੱਕ ਇੱਕ ਮੁਲਾਜ਼ਮ ਪੱਕਾ ਨਹੀਂ ਕੀਤਾ ਹੈ ਤੇ ‘ਬਦਲਾਅ’ ਦੀ ਗੱਲ ਕਰਨ ਵਾਲੀ ਇਸ ਸਰਕਾਰ ਵਿੱਚ ਵੀ ਮੁਲਾਜ਼ਮ ਨਿਗੁਣੀਆਂ ਤਣਖਾਹਾਂ ਤਹਿਤ ਨੌਕਰੀ ਕਰ ਰਹੇ ਹਨ।
ਸਿਹਤ ਮੁਲਾਜ਼ਮਾਂ ਦੀ 15 ਸਾਲਾਂ ਤੋਂ ਹੋ ਰਹੀ ਆਰਥਿਕ ਲੁੱਟ : ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨਐਚਐਮ ਇੰਪਲਾਈਜ਼ ਯੂਨੀਅਨ ਦੇ ਆਗੂ ਕਮਲਜੀਤ ਪੱਤੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੌਮੀ ਸਿਹਤ ਮਿਸ਼ਨ (ਐਨਐਚਐਮ) ਤਹਿਤ ਕੰਮ ਕਰਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਬਣਨ 'ਤੇ ਰੈਗੂਲਰ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਸਰਕਾਰ ਬਣਿਆ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਜਾਣ ਦੇ ਬਾਵਜੂਦ ਐਨਐਚਐਮ ਤਹਿਤ ਕੰਮ ਕਰਦੇ ਸਿਹਤ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਐਨਐਚਐਮ ਮੁਲਾਜ਼ਮ ਆਪਣੀ ਅਸਾਮੀ ਦੇ ਹਿਸਾਬ ਨਾਲ ਯੋਗਤਾ ਪੂਰੀ ਕਰਦੇ ਹਨ ਤੇ ਐਨਐਚਐਮ ਦੀਆਂ ਭਰਤੀਆਂ ਯੋਗ ਪ੍ਰਕਿਰਿਆ ਰਾਹੀਂ ਹੋਈਆਂ ਹਨ, ਪਰ ਫਿਰ ਵੀ ਕੱਚੇ ਸਿਹਤ ਮੁਲਾਜ਼ਮਾਂ ਦੀ ਠੇਕਾ ਪ੍ਰਥਾ ਤਹਿਤ ਪਿਛਲੇ 15 ਸਾਲਾਂ ਤੋਂ ਆਰਥਿਕ, ਮਾਨਸਿਕ ਲੁੱਟ ਕੀਤੀ ਜਾ ਰਹੀ ਹੈ।