ਬਰਨਾਲਾ: ਜ਼ਿਲ੍ਹੇ ਦੇ ਪਿੰਡ ਸੰਘੇੜਾ ਵਿਖੇ ਇੱਕ ਨਵ ਵਿਆਹੁਤਾ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਮ੍ਰਿਤਕਾਂ ਦਾ ਮਾਰਚ ਮਹੀਨੇ 'ਚ ਹੀ ਵਿਆਹ ਹੋਇਆ ਸੀ। ਮ੍ਰਿਤਕ ਲੜਕੀ ਦੇ ਪੇਕਾ ਪਰਿਵਾਰ ਵੱਲੋਂ ਉਸ ਦੇ ਸਹੁਰਿਆਂ 'ਤੇ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਉਸ ਦਾ ਸਹੁਰਾ ਪਰਿਵਾਰ ਪਹਿਲੇ ਦਿਨ ਤੋਂ ਹੀ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਦੇ ਚੱਦਿਆਂ ਧੱਕੇ ਨਾਲ ਜ਼ਹਿਰੀਲੀ ਚੀਜ਼ ਖੁਆ ਕੇ ਉਸ ਦਾ ਕਤਲ ਕੀਤਾ ਗਿਆ ਹੈ। ਪੁਲਿਸ ਵੱਲੋਂ ਪੇਕਾ ਪਰਿਵਾਰ ਦੇ ਬਿਆਨ 'ਤੇ ਸਹੁਰਿਆਂ ਵਿਰੁੱਧ ਪਰਚਾ ਦਰਜ ਕਰਦਿਆਂ ਮਾਮਲੇ ਦੀ ਅਗਲੀ ਜਾਂਚ ਆਰੰਭ ਕਰ ਦਿੱਤੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਲੜਕੀ ਦੇ ਪੇਕਾ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਸੰਘੇੜਾ ਵਿਖੇ ਹੋਇਆ ਸੀ। ਵਿਆਹ ਸਮੇਂ ਤੋਂ ਲੈ ਕੇ ਸਹੁਰਾ ਪਰਿਵਾਰ ਅਤੇ ਉਸ ਦਾ ਪਤੀ ਲੜਕੀ ਦੇ ਪਤਲੇ ਹੋਣ ਅਤੇ ਉਸ ਨੂੰ ਪਸੰਦ ਨਾ ਕਰਨ ਦੀ ਗੱਲ ਕਹਿ ਕੇ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਮ੍ਰਿਤਕ ਲੜਕੀ ਕੁਝ ਸਮਾਂ ਪਹਿਲਾਂ ਗਰਭਵਤੀ ਵੀ ਹੋਈ ਸੀ, ਜਿਸਦਾ ਧੱਕੇ ਨਾਲ ਗਰਭਪਾਤ ਕਰਵਾ ਦਿੱਤਾ ਗਿਆ।