ਬਰਨਾਲਾ: ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਕੋਠੇ ਗੋਬਿੰਦਪੁਰਾ ਦੇ ਇੱਕ ਨੌਜਵਾਨ ਲਵਪ੍ਰੀਤ ਸਿੰਘ ਦੀ ਮੌਤ ਦਾ ਵਿਸ਼ਾ ਕਾਫ਼ੀ ਚਰਚਾ ਵਿੱਚ ਆਇਆ ਹੋਇਆ ਹੈ। ਜਿਸ ਵਿੱਚ ਲਵਪ੍ਰੀਤ ਸਿੰਘ ਵਲੋਂ ਲੱਖਾਂ ਰੁਪਏ ਖ਼ਰਚ ਕਰਕੇ ਆਈਲੈਟਸ ਪਾਸ ਕੈਨੇਡਾ ਗਈ ਉਸ ਦੀ ਪਤਨੀ ਬੇਅੰਤ ਕੌਰ ਵਲੋਂ ਧੋਖਾ ਦਿੱਤੇ ਜਾਣ ਦਾ ਜ਼ਿਕਰ ਹੈ। ਉਸ ਦੀ ਪਤਨੀ ਅਤੇ ਸਹੁਰਾ ਪਰਿਵਾਰ ਵਲੋਂ ਉਸ ਨੂੰ ਧੋਖਾ ਦਿੱਤੇ ਜਾਣ ਨੂੰ ਲਵਪ੍ਰੀਤ ਦੀ ਖ਼ੁਦਕੁਸੀ ਦਾ ਕਾਰਨ ਦੱਸਿਆ ਜਾ ਰਿਹਾ ਹੈ। ਹੁਣ ਲਵਪ੍ਰੀਤ ਦੇ ਸੁਹਰੇ ਪਰਿਵਾਰ ਨੇ ਸਾਹਮਣੇ ਆ ਕੇ ਉਨ੍ਹਾਂ 'ਤੇ ਲੱਗੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ।
ਲਵਪ੍ਰੀਤ ਖੁਦਕੁਸ਼ੀ ਮਾਮਲੇ 'ਚ ਆਇਆ ਨਵਾਂ ਮੋੜ, ਬੇਅੰਤ ਕੌਰ ਦਾ ਪਰਿਵਾਰ ਆਇਆ ਸਾਹਮਣੇ ਲਵਪ੍ਰੀਤ ਦੀ ਮੌਤ ਸਬੰਧੀ ਲੱਗ ਰਹੇ ਦੋਸ਼ਾਂ ਨੂੰ ਲੈ ਕੇ ਉਸ ਦਾ ਸਹੁਰਾ ਪਰਿਵਾਰ ਸਾਹਮਣੇ ਆਇਆ ਹੈ। ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਦੇ ਪਿਤਾ ਜਗਦੇਵ ਸਿੰਘ ਤੇ ਮਾਤਾ ਸੁਖਵਿੰਦਰ ਕੌਰ ਨੇ ਆਪਣਾ ਬਿਆਨ ਦਿੱਤਾ ਹੈ।
ਦੋਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਬੇਅੰਤ ਕੌਰ ਦੀ ਪਹਿਲਾਂ ਲਵਪ੍ਰੀਤ ਨਾਲ ਮੰਗਣੀ ਹੋਈ ਸੀ। ਮੰਗਣੀ ਦੇ ਇੱਕ ਸਾਲ ਬਾਅਦ ਦੋਹਾਂ ਦਾ ਰੀਤੀ ਰਿਵਾਜਾਂ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੀ ਧੀ ਦੇ ਕੈਨੇਡਾ ਜਾਣ ਤੋਂ ਬਾਅਦ ਬੇਅੰਤ ਕੌਰ ਤੇ ਲਵਪ੍ਰੀਤ ਵਿਚਾਲੇ ਲਗਾਤਾਰ ਗੱਲਬਾਤ ਹੁੰਦੀ ਸੀ। ਬੇਅੰਤ ਵੱਲੋਂ ਲਵਪ੍ਰੀਤ ਨੂੰ ਕੈਨੇਡਾ ਲਿਜਾਣ ਲਈ ਫਾਈਲ ਤਿਆਰ ਕੀਤੀ ਗਈ ਸੀ, ਕੋਰੋਨਾ ਵਾਇਰਸ ਤੇ ਲੌਕਡਾਊਨ ਲੱਗਣ ਦੇ ਚਲਦੇ ਉਸ ਨੂੰ ਕੈਨੇਡਾ ਲਿਜਾਣ ਵਿੱਚ ਦੇਰੀ ਹੋ ਗਈ। ਲੌਕਡਾਊਨ ਸਬੰਧੀ ਸਭ ਕੁੱਝ ਜਾਣਦੇ ਹੋਏ ਵੀ ਕੁੜੀ ਦਾ ਸੁਹਰਾ ਪਰਿਵਾਰ 'ਤੇ ਲਵਪ੍ਰੀਤ ਉਸ ਦੇ ਕੈਨੇਡਾ ਬੁਲਾਉਣ ਲਈ ਦਬਾਅ ਪਾ ਰਹੇ ਸਨ। ਕੋਰੋਨਾ ਦੇ ਚਲਦੇ ਕੰਮ ਨਾ ਹੋਣ ਕਾਰਨ ਉਨ੍ਹਾਂ ਦੀ ਧੀ ਦਾ ਖ਼ੁਦ ਦਾ ਗੁਜ਼ਾਰਾ ਬੇਹਦ ਔਖਾ ਚਲਦਾ ਸੀ। ਇਸ ਦੇ ਬਾਵਜੂਦ ਉਹ ਲਵਪ੍ਰੀਤ ਨੂੰ ਪੈਸੇ ਭੇਜਦੀ ਸੀ।
ਬੇਅੰਤ ਕੌਰ ਦੇ ਮਾਪਿਆਂ ਮੁਤਾਬਕ ਲਵਪ੍ਰੀਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਧੀ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਲਵਪ੍ਰੀਤ ਦੀ ਮੌਤ ਦੇ ਦਿਨ ਸਹੁਰਾ ਪਰਿਵਾਰ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਗਈਆਂ। ਉਨ੍ਹਾਂ ਪਹਿਲਾਂ ਦੱਸਿਆ ਗਿਆ ਸੀ ਕਿ ਲਵਪ੍ਰੀਤ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ , ਪਰ ਬਾਅਦ ਵਿੱਚ ਇਸ ਨੂੰ ਖ਼ੁਦਕੁਸ਼ੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਲਵਪ੍ਰੀਤ ਦੀ ਮੌਤ ਤੋਂ ਬਾਅਦ ਕੁੜੀ ਦੇ ਡਿਪ੍ਰੈਸ਼ਨ ਹੋਣ ਤੇ ਲਵਪ੍ਰੀਤ ਦੇ ਪਰਿਵਾਰ 'ਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੇ ਜਾਣ ਦੇ ਦੋਸ਼ ਲਾਏ ਹਨ। ਉਨ੍ਹਾਂ ਇਨਸਾਫ ਦੀ ਮੰਗ ਕਰਦਿਆਂ ਸਾਜਿਸ਼ ਕਰਨ ਤੇ ਉਨ੍ਹਾਂ ਨੂੰ ਬਦਨਾਮ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਵਪ੍ਰੀਤ ਸਿੰਘ ਦੇ ਘਰ ਪਹੁੰਚੀ