ਕੰਧਾਂ ਉਪਰ ਖਾਲਿਸਤਾਨ ਲਿੱਖਣਾ ਕੋਈ ਜ਼ੁਰਮ ਨਹੀਂ: ਸਿਮਰਨਜੀਤ ਸਿੰਘ ਮਾਨ - ਨਸ਼ਿਆਂ ਨੇ ਜਵਾਨੀ
ਅਕਸਰ ਹੀ ਆਪਣੇ ਬਿਆਨਾਂ ਕਰਕੇ ਚਰਚਾ ਵਿੱਚ ਬਣੇ ਰਹਿਣ ਵਾਲੇ ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਇਕ ਵਾਰ ਫਿਰ ਖਾਲਿਸਤਾਨ ਨੂੰ ਲੈ ਕੇ ਕਿਹਾ ਕਿ ਕੰਧਾਂ ਉਪਰ ਖਾਲਿਸਤਾਨ ਲਿੱਖਣਾ ਕੋਈ ਜ਼ੁਰਮ ਨਹੀਂ ਹੈ।
ਬਰਨਾਲਾ: ਸੰਗਰੂਰ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਰਮਨਜੀਤ ਸਿੰਘ ਮਾਨ ਨੇ ਬਰਨਾਲਾ ਵਿਖੇ ਪਾਰਟੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਪੰਜਾਬ ਦੇ ਵੱਖ ਵੱਖ ਮਸਲਿਆਂ 'ਤੇ ਉਨ੍ਹਾਂ ਗੱਲਬਾਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਸ਼ਾਂਤਮਈ ਹੈ, ਕੋਈ ਕਿਸੇ ਕਿਸਮ ਦੀ ਗੜਬੜ ਨਹੀਂ ਹੈ। ਪੰਜਾਬ ਵਿੱਚ ਕੰਧਾਂ 'ਤੇ ਲਿਖੇ ਜਾਣ ਵਾਲੇ ਖਾਲਿਸਤਾਨ ਦੇ ਨਾਅਰਿਆ ਸਬੰਧੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਮਨ ਤਰੀਕੇ ਨਾਲ ਖਾਲਿਸਤਾਨ ਦੇ ਨਾਅਰੇ ਲਿਖਣਾ ਕੋਈ ਜ਼ੁਰਮ ਨਹੀਂ ਹੈ। ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਸਾਨੂੰ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ (Khalistan Written on Wall) ਗੱਲ ਰੱਖਣ ਦਾ ਅਧਿਕਾਰ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਨੇ ਜਵਾਨੀ ਦਾ ਪੱਧਰ 'ਤੇ ਨੁਕਸਾਨ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵਲੋਂ ਇਸ ਉਪਰ ਕੋਈ ਕੰਟਰੋਲ ਨਹੀਂ ਕੀਤਾ ਜਾ ਰਿਹਾ। ਉਥੇ ਸਰਕਾਰ ਵੀ ਹਰ ਫ਼ਰੰਟ 'ਤੇ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। ਸਰਕਾਰ ਨੇ ਚੋਣਾਂ ਮੌਕੇ ਕੀਤੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਔਰਤਾਂ ਲਈ ਕੀਤਾ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਾ ਵਾਅਦਾ ਅਤੇ ਪੈਨਸ਼ਨ ਲਾਭਪਾਤਰੀਆਂ ਦੀ ਪੈਨਸ਼ਨ ਵੀ ਨਹੀਂ ਵਧਾਈ ਗਈ। ਉੁਨ੍ਹਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ਵਿੱਚ ਪੂਰੀ ਸਹੀ ਜਾਂਚ ਨਹੀਂ ਕੀਤੀ ਗਈ। ਜਦਕਿ ਦਿੱਲੀ ਦੀ ਪੁਲਿਸ ਅਤੇ ਕੇਂਦਰੀ ਏਜੰਸੀ ਵਲੋਂ ਸਿੱਧੂ ਮੂਸੇ ਵਾਲੇ ਦੇ ਕਤਲ ਸਬੰਧੀ ਪਹਿਲਾਂ ਹੀ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਨੂੰ ਸੂਚਨਾ ਦਿੱਤੀ ਸੀ। ਪਰ, ਇਸਦੇ ਬਾਵਜੂਦ ਸੀਐਮ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਸੀ। ਇਸ ਕਰਕੇ ਸਰਕਾਰ ਇਸ ਮਾਮਲੇ ਵਿੱਚ ਅਸਲੀਅਤ ਛੁਪਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਦੇ ਅਹਿਮ ਦੋਸ਼ੀ ਨੂੰ ਭਜਾ ਦਿੱਤਾ ਹੈ। ਸੀਆਈਏ ਸਟਾਫ਼ ਦੀ ਗ੍ਰਿਫ਼ਤ ਵਿੱਚੋਂ ਕਿਸੇ ਦੋਸ਼ੀ ਦਾ ਭੱਜਣਾ ਹੋਰ ਵੀ ਸੰਕਾ ਪੈਦਾ ਕਰਦਾ ਹੈ ਜਿਸ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਹੈ।
ਉਥੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਗੈਂਗਸਟਰ ਦੇ ਭੱਜਣ ਸਬੰਧੀ ਦਿੱਤੇ ਬਿਆਨ 'ਤੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਭੱਜੇ ਹੋਏ ਗੈਂਗਸਟਰ ਨੂੰ ਫ਼ੜ ਕੇ ਵੱਡਾ ਕੰਮ ਕਰਕੇ ਦਿਖਾਵੇ। ਸਿਮਰਨਜੀਤ ਸਿੰਘ ਮਾਨ ਨੇ ਪਾਕਿਸਤਾਨ ਤੋਂ ਆ ਰਹੇ ਅਸਲੇ ਸਬੰਧੀ ਭਾਰਤ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਜੋ ਅਸਲਾ ਬਾਰਡਰ ਤੋਂ ਆ ਰਿਹਾ ਹੈ, ਉਸ ਅਸਲੇ ਨੂੰ ਸਰਕਾਰ ਜਮ੍ਹਾਂ ਕਰਕੇ ਕਿਸੇ ਗ਼ਲਤ ਕੰਮ ਲਈ ਵਰਤਣਾ ਚਾਹੁੰਦੀ ਹੈ। ਉਨ੍ਹਾਂ ਕਿਸਾਨ ਆਗੂ ਜੋਗਿੰਦਰ ਉਗਰਾਹਾਂ ਵਲੋਂ ਵਾਰਸ ਪੰਜਾਬ ਦੀ ਜੱਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਬੰਧੀ ਦਿੱਤੇ ਬਿਆਨ 'ਤੇ ਵੀ ਇਤਰਾਜ਼ ਜਤਾਇਆ। ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਅੰਮ੍ਰਿਤਪਾਲ ਸਿੰਘ ਦੀ ਜਾਂਚ ਕਰਵਾਏ ਜਾਣ ਦੇ ਮਾਮਲੇ 'ਤੇ ਕਿਹਾ ਕਿ ਹਰਪਾਲ ਚੀਮਾ ਪੰਜਾਬ ਦੇ ਵਿੱਤ ਮੰਤਰੀ ਹਨ। ਉਨ੍ਹਾਂ ਨੂੰ ਪੰਜਾਬ ਦੇ ਖ਼ਜਾਨੇ ਵੱਲ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਦਾ ਖ਼ਜ਼ਾਨਾ ਇਸ ਵੇਲੇ ਖਾਲੀ ਪਿਆ ਹੈ।
ਇਹ ਵੀ ਪੜ੍ਹੋ: ਮਾਨ ਸਰਕਾਰ ਨੇ ਵਧਾਇਆ ਗੰਨੇ ਦਾ ਰੇਟ