ਬਰਨਾਲਾ:ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਓਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਲਈ ਕੁਆਲੀਫਾਈ ਕਰਨ ਵਾਲੇ ਬਰਨਾਲਾ ਜਿਲ੍ਹੇ ਦੇ ਪਿੰਡ ਕਾਹਨੇਕੇ ਦੇ ਨੌਜਵਾਨ ਖਿਡਾਰੀ ਅਕਾਸ਼ਦੀਪ ਸਿੰਘ ਕਾਹਨੇਕੇ ਦੇ ਘਰ ਜਾ ਕੇ ਪਰਿਵਾਰ ਨਾਲ ਮੁਲਾਕਾਤ ਕਰਕੇ ਅਕਾਸ਼ਦੀਪ ਸਿੰਘ ਵੱਲੋਂ ਹਾਸਲ ਕੀਤੀ ਗਈ ਉਪਲੱਬਧੀ ਲਈ ਮੁਬਾਰਕਵਾਦ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਕਾਸ਼ਦੀਪ ਸਿੰਘ ਨੇ 20 ਕਿਲੋਮੀਟਰ ਪੈਦਲ ਚਾਲ ਵਿੱਚ ਜਿੱਥੇ ਨਵਾਂ ਰਿਕਾਰਡ ਬਣਾਇਆ ਹੈ, ਉੱਥੇ ਹੀ ਵਿਸ਼ਵ ਪੱਧਰ ਦੀਆਂ ਖੇਡਾਂ ਲਈ ਕੁਆਲੀਫਾਈ ਕਰਕੇ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਪੂਰੇ ਇਲਾਕੇ ਸਿੱਖ ਕੌਮ ਦਾ ਨਾਂਅ ਚਮਕਾਇਆ ਹੈ।
ਪੂਰੇ ਸਿੱਖ ਜਗਤ ਅਤੇ ਪੰਜਾਬ ਨੂੰ ਮਾਣ: ਉਨ੍ਹਾਂ ਕਿਹਾ ਕਿ ਅਕਾਸ਼ਦੀਪ ਸਿੰਘ ਦੀ ਇਸ ਉਪਲੱਬਧੀ 'ਤੇ ਪੂਰੇ ਸਿੱਖ ਜਗਤ ਅਤੇ ਪੰਜਾਬ ਨੂੰ ਮਾਣ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਹੁਨਰਮੰਦ ਖਿਡਾਰੀਆਂ ਦੇ ਸਹਿਯੋਗ ਲਈ ਮੇਰੇ ਅਤੇ ਮੇਰੀ ਪਾਰਟੀ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ। ਸਾਂਸਦ ਮਾਨ ਨੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿੱਚ ਹੁਨਰਮੰਦ ਖਿਡਾਰੀ ਬੈਠੇ ਹਨ, ਜਿਨ੍ਹਾਂ ਦੇ ਹੁਨਰ ਨੂੰ ਉਭਾਰਨ ਲਈ ਸਰਕਾਰਾਂ ਨੂੰ ਵੱਡੇ ਪੱਧਰ 'ਤੇ ਉਪਰਾਲੇ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੀ ਨਾਕਾਮੀ ਅਤੇ ਅਣਦੇਖੀ ਕਰਕੇ ਅਨੇਕਾਂ ਹੋਣਹਾਰ ਨੌਜਵਾਨ ਪਿੰਡਾਂ ਤੱਕ ਸੀਮਤ ਰਹਿ ਜਾਂਦੇ ਹਨ। ਅਕਾਸ਼ਦੀਪ ਦੇ ਵੀ ਕੌਮੀ ਪੱਧਰ ਉੱਤੇ ਚਮਕਣ ਵਿੱਚ ਸਰਕਾਰਾਂ ਦੀ ਥਾਂ ਇਹਨਾਂ ਦੇ ਮਾਪਿਆਂ ਦਾ ਵੱਡਾ ਹੱਥ ਰਿਹਾ ਹੈ, ਜਿਹਨਾਂ ਨੇ ਲੱਖਾਂ ਰੁਪਏ ਆਪਣੇ ਬੱਚੇ ਦੀ ਖੇਡ ਉੱਤੇ ਖਰਚ ਕੀਤੇ ਹਨ। ਜਦਕਿ ਇਹ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਇੱਧਰ ਉੱਧਰ ਦੀਆਂ ਗੱਲਾਂ ਛੱਡ ਕੇ ਪੰਜਾਬ ਦੇ ਨੌਜਵਾਨ ਖਿਡਾਰੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ।