ਬਰਨਾਲਾ: ਤਪਾ ਮੰਡੀ ਵਿੱਚ ਇੱਕ ਨੌਜਵਾਨ ਨੇ ਆਰਥਿਕ ਤੰਗੀ ਦੇ ਚੱਲਦਿਆਂ ਦਰੱਖ਼ਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਜਿਸ ਦੇ ਸਦਮੇ ਵਿੱਚ ਉਸ ਦੀ ਬਿਮਾਰ ਮਾਂ ਦੀ ਵੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਮਾਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਸੀ ਜਿਸ ਦਾ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ ਇਲਾਜ ਚਲ ਰਿਹਾ ਸੀ। ਮਾਤਾ ਦੇ ਇਲਾਜ ਲਈ ਪੈਸੇ ਨਾ ਹੋਣ ਕਰਕੇ ਨੌਜਵਾਨ ਨੇ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।
ਮ੍ਰਿਤਕ ਨੌਜਵਾਨ ਦੇ ਭਰਾ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪਰਿਵਾਰ ਕਾਫ਼ੀ ਗ਼ਰੀਬ ਪਰਿਵਾਰ ਹੈ ਤੇ ਉਸ ਦੀ ਮਾਤਾ ਪਰਮਜੀਤ ਕੌਰ ਜ਼ਿਆਦਾ ਬਿਮਾਰ ਹੋਣ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਪਿਛਲੇ 10 ਦਿਨਾਂ ਤੋਂ ਦਾਖ਼ਲ ਸੀ। ਮਾਤਾ ਦੀ ਬਿਮਾਰੀ ਦੇ ਇਲਾਜ ਲਈ ਘਰ ਵਿੱਚ ਪੈਸਿਆਂ ਦੀ ਕਮੀ ਹੈ।
ਉਸ ਨੇ ਦੱਸਿਆ ਕਿ ਛੋਟਾ ਭਰਾ 26 ਅਮਨਦੀਪ ਸਿੰਘ ਜੋ ਪਿਛਲੀ ਰਾਤ 7 ਵਜੇ ਆਪਣੀ ਮਾਤਾ ਨੂੰ ਪਟਿਆਲਾ ਵਿਖੇ ਮਿਲ ਕੇ ਵਾਪਸ ਤਪਾ ਘਰ ਪੁੱਜਾ ਸੀ ਅਤੇ ਮਾਤਾ ਦੀ ਬਿਮਾਰੀ ਦੇ ਇਲਾਜ ਲਈ ਪੈਸਿਆਂ ਦੀ ਲੋੜ ਲਈ ਘਰੋਂ ਕਹਿ ਕੇ ਪੈਸੇ ਲੈਣ ਚਲਾ ਗਿਆ। ਜਦੋਂ ਅਮਨਦੀਪ ਸਿੰਘ ਵਾਪਸ ਘਰ ਨਾ ਪੁੱਜਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਇਸ ਸਬੰਧੀ ਭਾਲ ਜਾਰੀ ਕੀਤੀ ਤਾਂ ਉਨ੍ਹਾਂ ਨੂੰ ਆਪਣੇ ਭਰਾ ਅਮਨਦੀਪ ਸਿੰਘ ਉਰਫ਼ ਰਾਜੂ ਦੀ ਲਾਸ਼ ਇੱਕ ਦਰੱਖਤ ਨਾਲ ਲਟਕਦੀ ਨਜ਼ਰ ਆਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ਦਿੱਤੀ।