ਬਰਨਾਲਾ: ਤਪਾ ਮੰਡੀ ਨੇੜੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ਉੱਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮਾਂ-ਪੁੱਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇੱਕ ਸਕਾਰਪੀਓ ਕਾਰ ਚਾਲਕ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ।
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਕਾਰ ਚਾਲਕ 'ਤੇ ਲਾਪਰਵਾਹੀ ਨਾਲ ਟੱਕਰ ਮਾਰਨ ਦੇ ਦੋਸ਼ ਲਗਾਏ ਗਏ ਹਨ ਅਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਉਧਰ ਤਪਾ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।
ਚਸ਼ਮਦੀਦਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਤਪਾ ਮੰਡੀ ਦੀ ਬਾਜ਼ੀਗਰ ਬਸਤੀ ਦੇ ਰਹਿਣ ਵਾਲੀ ਬੰਸੋ ਦੇਵੀ ਆਪਣੇ ਪੁੱਤਰ ਪ੍ਰੀਤਮ ਦਾਸ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੀ ਸਾਈਡ 'ਤੇ ਬਰਨਾਲਾ/ਬਠਿੰਡਾ ਨੈਸ਼ਨਲ ਹਾਈਵੇ 'ਤੇ ਆਪਣੇ ਘਰ ਜਾ ਰਹੀ ਸੀ ਕਿ ਪਿੱਛੋਂ ਗ਼ਲਤ ਸਾਈਡ 'ਤੇ ਆ ਰਹੀ ਤੇਜ਼ ਰਫਤਾਰ ਸਕਾਰਪੀਓ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਸਕਾਰਪਿਓ ਗੱਡੀ ਚਾਲਕ ਕਾਫ਼ੀ ਦੂਰ ਤੱਕ ਮੋਟਰਸਾਈਕਲ ਸਮੇਤ ਮਾਂ-ਪੁੱਤ ਨੂੰ ਘੜੀਸਦੇ ਹੋਏ ਲੈ ਗਿਆ।