ਬਰਨਾਲਾ: ਸ਼ਹਿਰ ਬਰਨਾਲਾ ਵਿੱਚ ਕਾਨੂੰਨ ਵਿਵਸਥਾ ਦਾ ਦਿਨੋਂ ਦਿਨ ਬੁਰਾ ਹਾਲ ਹੁੰਦਾ ਜਾ ਰਿਹਾ ਹੈ। ਸ਼ਹਿਰ ਵਿੱਚ ਇੱਕ ਹਫ਼ਤੇ ਵਿੱਚ ਤਿੰਨ ਵੱਡੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਬੀਤੀ ਰਾਤ ਵੀ ਪਿਸਤੌਲ ਦੀ ਨੋਕ 'ਤੇ ਤੀਜੀ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਨਾਕਾਮ ਕੋਸਿਸ਼ ਕੀਤੀ ਗਈ। ਸ਼ਹਿਰ ਦੇ ਰਾਏਕੋਟ ਰੋਡ ਉਪਰ ਮੁਲਜ਼ਮ ਨੇ ਪਿਸਤੌਲ ਦਿਖਾ ਕੇ ਦੁਕਾਨਦਾਰ ਤੋਂ ਪਹਿਲਾਂ ਪੈਸੇ ਮੰਗੇ, ਜਦ ਉਸ ਨੇ ਪੈਸੇ ਨਾ ਦਿੱਤੇ 'ਤੇ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨਦਾਰ ਦੇ ਰੌਲਾ ਪਾਉਣ 'ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। (Barnala Crime News)
ਹਫ਼ਤੇ 'ਚ ਤਿੰਨ ਲੁੱਟ ਦੀਆਂ ਵਾਰਦਾਤਾਂ: ਇਸ ਘਟਨਾ ਦੀ ਸੀਸੀਟੀਵੀ ਫ਼ੁਟੇਜ਼ ਵੀ ਸਾਹਮਣੇ ਆਈ ਹੈ। ਜਿਸ ਵਿੱਚ ਮੁਲਜ਼ਮ ਪਿਸਤੌਲ ਦਿਖਾ ਕੇ ਦੁਕਾਨਦਾਰ ਨੂੰ ਡਰਾ ਧਮਕਾ ਰਿਹਾ ਹੈ। ਪੀੜਤ ਦੁਕਾਨਦਾਰ ਨੇ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੁੱਟ ਦੀਆਂ ਵਾਰਦਾਤਾਂ ਲਈ ਜਿੰਮੇਵਾਰ ਦੱਸਿਆ ਹੈ। ਦੱਸਣਯੋਗ ਹੈ ਕਿ ਬਰਨਾਲਾ ਸ਼ਹਿਰ ਵਿੱਚ ਇੱਕ ਹਫ਼ਤੇ ਵਿੱਚ ਇਹ ਲੁੱਟ ਦੀ ਤੀਜੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ ਦੀਆਂ ਦੋ ਲੁੱਟ ਦੀਆਂ ਘਟਨਾਵਾਂ ਨੂੰ ਲੈਕੇ ਬੀਤੇ ਕੱਲ੍ਹ ਹੀ ਪੁਲਿਸ ਨੇ ਪ੍ਰੈਸ ਕਾਨਫ਼ਰੰਸ ਕਰਕੇ ਦੋਸ਼ੀਆਂ ਨੁੰ ਕਾਬੂ ਕਰਨ ਅਤੇ ਅਮਨ ਕਾਨੂੰਨ ਬਹਾਲੀ ਦਾ ਦਾਅਵਾ ਕੀਤਾ ਸੀ, ਪਰ ਪੁਲਿਸ ਦੇ ਦਾਅਵੇ ਦੀ ਇੱਕ ਰਾਤ 'ਚ ਹੀ ਪੋਲ ਖੁੱਲ੍ਹ ਗਈ। ਉਧਰ ਸ਼ਹਿਰ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਲੈ ਕੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਪਿਸਤੌਲ ਦਿਖਾ ਕੇ ਵਾਰਦਾਤ: ਇਸ ਮੌਕੇ ਗੱਲਬਾਤ ਕਰਦਿਆਂ ਦੁਕਾਨਦਾਰ ਪ੍ਰਵੀਨ ਕੁਮਾਰ ਨੇ ਕਿਹਾ ਕਿ ਉਸ ਦੀ ਬਰਨਾਲਾ ਦੇ ਰਾਏਕੋਟ ਰੋਡ ਉਪਰ ਸਤਿਸੰਗ ਭਵਨ ਦੇ ਨਾਲ ਦੁਕਾਨ ਹੈ। ਬੀਤੀ ਰਾਤ ਦੁਕਾਨ ਉਪਰ ਉਸਦਾ ਬੇਟਾ ਸੀ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਦੁਕਾਨ ਅੰਦਰ ਆਏ ਅਤੇ ਨਸ਼ੇ ਦੇ ਸਮਾਨ ਦੀ ਮੰਗ ਕੀਤੀ, ਪਰ ਉਸ ਦੇ ਬੇਟੇ ਨੇ ਸਮਾਨ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਪਿਸਤੌਲ ਕੱਢ ਕੇ ਦੁਕਾਨ ਦੇ ਗੱਲੇ ਵਿੱਚੋਂ ਪੈਸੇ ਦੀ ਮੰਗ ਕਰਨ ਲੱਗੇ, ਜਿਸ ਨੂੰ ਦੇਣ ਤੋਂ ਬੇਟੇ ਨੇ ਮਨਾ ਕਰ ਦਿੱਤਾ। ਇਸ ਤੋਂ ਬਾਅਦ ਬੇਟੇ ਦਾ ਫ਼ੋਨ ਖੋਹ ਲਿਆ, ਪਰ ਬੇਟੇ ਨੇ ਫ਼ੁਰਤੀ ਵਰਤ ਕੇ ਮੋਬਾਇਲ ਬਚਾ ਲਿਆ। ਇਸੇ ਦੌਰਾਨ ਬੇਟੇ ਨੇ ਮੈਨੂੰ ਆਵਾਜ਼ ਦੇ ਦਿੱਤੀ ਅਤੇ ਮੈਂ ਆ ਕੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਦੋਵੇਂ ਨੌਜਵਾਨ ਭੱਜ ਗਏ।