ਬਰਨਾਲਾ :ਜ਼ਿਲ੍ਹਾ ਬਰਨਾਲਾ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਦੇ ਉਪਰਾਲਿਆਂ ਤਹਿਤ ਇਸ ਵਾਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਰਿਆਵਲ ਮੁਹਿੰਮ ਵਿੱਚ ਕੁੱਦੇ ਹਨ ਤੇ ਜ਼ਿਲ੍ਹੇ ਦੇ 115 ਸਰਕਾਰੀ ਸਕੂਲਾਂ ਵਿੱਚ ਨਰਸਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਵਾਤਾਵਰਨ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਜਲ ਸੰਭਾਲ ਤੇ ਹਰਿਆਵਲ ਵਾਸਤੇ ਚਹੁੰਮੁਖੀ ਰਣਨੀਤੀ ’ਤੇ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਹੀ ਯਤਨਾਂ ਤਹਿਤ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਦੇ 115 ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਤੇ ਮਿਡਲ ਸਕੂਲਾਂ ਨੂੰ ਹਰਿਆਵਲ ਮੁਹਿੰਮ ਨਾਲ ਜੋੜਿਆ ਗਿਆ ਹੈੇ। ਇਸ ਤਹਿਤ ਸਾਰੇ ਸਕੂਲਾਂ ਨੂੰ ਪੌਦਿਆਂ ਦੇ ਬੀਜ ਵੰਡੇ ਜਾ ਚੁੱਕੇ ਹਨ ਤਾਂ ਜੋ ਉਹ ਸਕੂਲਾਂ ਵਿੱਚ ਬੀਜ ਉਗਾ ਕੇ ਪੌਦੇ ਤਿਆਰ ਕਰ ਸਕਣ।
50 ਤੋਂ ਵਧ ਸਕੂਲਾਂ ਵਿੱਚ ਕੰਮ ਸ਼ੁਰੂ :ਉਨ੍ਹਾਂ ਦੱਸਿਆ ਕਿ 50 ਤੋਂ ਵੱਧ ਸਕੂਲਾਂ ਵਿੱਚ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਬਾਕੀ ਸਕੂਲਾਂ ਵਿੱਚ ਆਉਂਦੇ ਕੁਝ ਦਿਨਾਂ ਵਿੱਚ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੂਟਿਆਂ ਨਾਲ ਸਬੰਧਤ ਪਿੰਡਾਂ-ਸ਼ਹਿਰਾਂ ਨੂੰ ਸ਼ਿੰਗਾਰਿਆ ਜਾਵੇਗਾ ਤਾਂ ਜੋ ਜ਼ਿਲ੍ਹਾ ਬਰਨਾਲਾ ਵਿੱਚ ਹਰਿਆਵਲ ਪੱਖੋਂ ਕੋਈ ਕਸਰ ਨਾ ਰਹੇ।
ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਵਿੱਢੀ ਮੁਹਿੰਮ : ਇਸ ਪ੍ਰਾਜੈਕਟ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਨਰਸਰੀਆਂ ਬਣਾਈਆਂ ਜਾਣੀਆਂ ਹਨ ਤਾਂ ਜੋ ਜਿੱਥੇ ਬੂਟਿਆਂ ਦੀ ਕੋਈ ਕਮੀ ਨਾ ਰਹੇ, ਉਥੇ ਵਿਦਿਆਰਥੀ ਵਾਤਾਵਰਣ ਸੰਭਾਲ ਬਾਰੇ ਉਪਰਾਲਿਆਂ ਦਾ ਹਿੱਸਾ ਬਣ ਸਕਣ ਤੇ ਉਹ ਆਪਣੇ ਘਰਾਂ ਤੇ ਆਸ-ਪਾਸ ਦੀਆਂ ਥਾਵਾਂ ’ਚ ਪੂਰੇ ਉਤਸ਼ਾਹ ਨਾਲ ਬੂਟੇ ਲਾਉਣ ਅਤੇ ਉਨ੍ਹਾਂ ਦੀ ਸੰਭਾਲ ਵੀ ਕਰਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਸੁਰਜੀਤਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖਤਗੜ੍ਹ ਆਦਿ ਵਿੱਚ ਟਰਾਇਲ ਕਰ ਕੇ ਨਰਸਰੀਆਂ ਬਣਾਈਆਂ ਗਈਆਂ ਸਨ।
ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ ਵੱਲੋਂ ਕਰੀਬ 1000 ਸੁਹਾਂਜਣੇ ਦੇ ਬੂਟੇ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਰਾਹੀਂ ਬਰਨਾਲਾ ਸ਼ਹਿਰ ਦੀ ਅਨਾਜ ਮੰਡੀ ਦੇ ਝੁੱਗੀਆਂ-ਝੌਂਪੜੀਆਂ ਵਾਲੇ ਖੇਤਰ ਵਿੱਚ ਵੀ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਸ-ਪਾਸ ਰਹਿੰਦੇ ਲੋਕਾਂ ਨੂੰ ਇਨ੍ਹਾਂ ਬੂਟਿਆਂ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਅਗਵਾਈ ਹੇਠ ਸਕੂਲਾਂ ਵਿੱਚ ਮਿਨੀ ਨਰਸਰੀਆਂ ਵਾਸਤੇ ਸਕੂਲਾਂ ਦੇ ਸਟਾਫ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਤਾਂ ਜੋ ਇਹ ਪ੍ਰਾਜੈਕਟ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ।