ਬਰਨਾਲਾ: ਜ਼ਿਲ੍ਹੇ ਦੇ ਕਸਬਾ ਧਨੌਲਾ ਵਿਖੇ ਦੇਰ ਰਾਤ ਨੂੰ ਪਸ਼ੂਆਂ ਦੀ ਰਾਖੀ ਲਈ ਸੁੱਤੇ ਪ੍ਰਵਾਸੀ ਮਜ਼ਦੂਰ ਦਾ ਬੇਰਹਮੀ ਨਾਲ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਘਰ ਦੇ ਮਾਲਕ ਹਰਸੰਪਤ ਲਾਲ ਨੇ ਕਿਹਾ ਕਿ ਮ੍ਰਿਤਕ ਦਾ ਨਾਂਅ ਗੌਰੀ ਪ੍ਰਸਾਦ ਹੈ ਤੇ ਉਹ ਬਿਹਾਰ ਦਾ ਵਸਨੀਕ ਹੈ। ਉਨ੍ਹਾਂ ਕਿਹਾ ਕਿ ਗੌਰੀ ਪ੍ਰਸਾਦ ਉਨ੍ਹਾਂ ਕੋਲ ਪਿਛਲੇ 23 ਸਾਲਾਂ ਤੋਂ ਕੰਮ ਕਰ ਰਿਹਾ ਸੀ। ਉਨ੍ਹਾਂ ਨੇ ਗੌਰੀ ਪ੍ਰਸਾਦ ਨੂੰ ਪਸ਼ੂਆਂ ਦੀ ਰਾਖੀ ਕਰਨ ਲਈ ਰੱਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਜਦੋਂ ਉਨ੍ਹਾਂ ਦਾ ਵੱਡਾ ਭਰਾ ਪਸ਼ੂਆਂ ਨੂੰ ਵੇਖਣ ਲਈ ਪਸ਼ੂ ਘਰ ਆਇਆ ਤਾਂ ਉੱਥੇ ਗੌਰੀ ਪ੍ਰਸਾਦ ਲਹੂ ਲੁਹਾਣ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੁਚਿਤ ਕੀਤਾ।
ਉਨ੍ਹਾਂ ਕਿਹਾ ਕਿ ਗੌਰੀ ਪ੍ਰਸਾਦ ਲੌਕਡਾਊਨ ਵਿੱਚ ਘਰ ਗਿਆ ਹੋਇਆ ਸੀ ਤੇ 1 ਮਹੀਨਾ ਪਹਿਲਾਂ ਹੀ ਉਹ ਵਾਪਸ ਪੰਜਾਬ ਆਇਆ ਸੀ। ਉਨ੍ਹਾਂ ਕਿਹਾ ਕਿ ਗੌਰੀ ਪ੍ਰਸਾਦ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੌਰੀ ਪ੍ਰਸਾਦ ਦਾ ਕਤਲ ਹੋਣ ਦੇ ਨਾਲ ਉਨ੍ਹਾਂ ਦੇ ਘਰ ਵਿੱਚ ਖੜੀ ਇੱਕ ਕਾਰ ਤੇ ਕੁਝ ਪੈਸੇ ਵੀ ਗਾਈਬ ਹਨ। ਇਸ ਦੇ ਨਾਲ ਹੀ ਦੋਸ਼ੀਆਂ ਨੇ ਉਨ੍ਹਾਂ ਦੇ ਘਰ ਦੇ ਨਾਲ ਲੱਗਦੀ ਬੈਂਕ ਦੀ ਕੰਧ ਤੋੜਨ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ਵਿੱਚ ਨਾ-ਕਾਮਯਾਬ ਰਹੇ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ।
ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਚਾਰ ਭਾਈਆਂ ਕੋਲ ਇੱਕ ਪਲਾਟ ਸੀ। ਜਿਸ ਨੂੰ ਪਸ਼ੂਆਂ ਦਾ ਬਾਹਰਲਾ ਘਰ ਬਣਾਇਆ ਹੋਇਆ ਸੀ। ਇਸ ਵਿੱਚ ਮ੍ਰਿਤਕ ਗੌਰੀ ਪ੍ਰਸਾਦ ਪਿਛਲੇ ਲੰਬੇ ਸਮੇਂ ਤੋਂ ਪਸ਼ੂਆਂ ਦੀ ਸੰਭਾਲ ਕਰਦਾ ਆ ਰਿਹਾ ਸੀ। ਬੀਤੀ ਰਾਤ ਉਸ ਦਾ ਕਤਲ ਕਰ ਦਿੱਤਾ ਗਿਆ। ਦੋਸ਼ੀ ਘਰ ਵਿੱਚ ਖੜੀ ਗੱਡੀ ਅਤੇ ਕੁੱਝ ਨਕਦੀ ਵੀ ਲੈ ਕੇ ਗਏ ਹਨ। ਪੁਲਿਸ ਵੱਲੋਂ ਆਸਪਾਸ ਦੇ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ। ਬਹੁਤ ਬਾਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:ਖੇਤੀ ਬਿੱਲ ਦੇ ਵਿਰੋਧ ਵਿੱਚ ਕਿਸਾਨਾਂ ਨੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਦਾ ਘੇਰਿਆ ਘਰ