ਬਰਨਾਲਾ: ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗਠਜੋੜ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਪੰਜਾਬ ਦੇ ਕਿਸਾਨ ਸੰਘਰਸ਼ ਕਰ ਰਹੇ ਹਨ। ਇਸੇ ਸੰਘਰਸ਼ ਦੇ ਮੱਦੇਨਜ਼ਰ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਹੰਗਾਮੀ ਬੈਠਕ ਕੀਤੀ ਗਈ। ਇਸ ਮੀਟਿੰਗ ਵਿੱਚ ਛੇ ਦੇ ਕਰੀਬ ਜਥੇਬੰਦੀਆਂ ਸ਼ਾਮਲ ਨਾ ਹੋਣ ਕਾਰਨ ਅਗਲੇ ਸੰਘਰਸ਼ ਦਾ ਕੋਈ ਵੀ ਐਲਾਨ ਨਹੀਂ ਹੋ ਸਕਿਆ।
ਬਰਨਾਲਾ 'ਚ ਹੋਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ, ਨਹੀਂ ਹੋਇਆ ਅਗਲੇ ਸੰਘਰਸ਼ ਦਾ ਕੋਈ ਐਲਾਨ ਜਥੇਬੰਦੀਆਂ ਦੀ ਬੈਠਕ ਵਿੱਚ ਖੇਤੀ ਸੈਕਟਰ ਲਈ ਬਿਜਲੀ ਦੇ ਲਗਾਏ ਜਾ ਰਹੇ ਕੱਟ, ਪੰਜਾਬ ਵਿੱਚ ਬਿਜਲੀ ਸੰਕਟ, ਯੂਰੀਆ ਅਤੇ ਡੀਏਪੀ ਦੀ ਤੋਟ ਸਬੰਧੀ ਚਰਚਾ ਕੀਤੀ ਗਈ। ਅਗਲਾ ਸੰਘਰਸ਼ ਉਲੀਕਣ ਲਈ ਅਗਲੀ ਮੀਟਿੰਗ 15 ਅਕਤੂਬਰ ਨੂੰ ਰੱਖੀ ਗਈ ਹੈ, ਜਿਸ ਵਿੱਚ ਇਨ੍ਹਾਂ ਮੁੱਦਿਆਂ 'ਤੇ ਚਰਚਾ ਕਰਕੇ ਕੋਈ ਫੈਸਲਾ ਲਿਆ ਜਾਵੇਗਾ। ਇਸ ਤੋਂ ਇਲਾਵਾ 15 ਅਕਤੂਬਰ ਤੱਕ ਰੇਲ ਰੋਕੋ ਅੰਦੋਲਨ ਅਤੇ ਕਾਰਪੋਰੇਟ ਅਦਾਰਿਆਂ ਅੱਗੇ ਮੋਰਚੇ ਜਾਰੀ ਰਹਿਣਗੇ।
ਇਸ ਬਾਰੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾਈ ਆਗੂ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਅੱਜ ਬਿਜਲੀ ਸੰਕਟ ਅਤੇ ਡੀਏਪੀ ਦੀ ਚੱਲ ਰਹੀ ਘਾਟ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਦੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਸੀ। ਇਸ ਵਿੱਚ ਕਿਸੇ ਕਾਰਨਾਂ ਕਰਕੇ ਕੁਝ ਜਥੇਬੰਦੀਆਂ ਸ਼ਾਮਲ ਨਹੀਂ ਹੋ ਸਕੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਕੋਈ ਵੀ ਅਜੇ ਤੋਟ ਨਹੀਂ ਹੈ। ਥਰਮਲ ਪਲਾਂਟ ਮੌਜੂਦ ਕੋਲੇ ਨਾਲ ਚਲਾਏ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਵੇਲੇ ਝੋਨੇ ਦੀ ਫਸਲ ਨੂੰ ਆਖਰੀ ਪਾਣੀ ਲਗਾਏ ਜਾ ਰਹੇ ਹਨ ਪਰ ਬਿਜਲੀ ਵਿਭਾਗ ਸਿਰਫ ਦੋ ਘੰਟੇ ਬਿਜਲੀ ਸਪਲਾਈ ਦੇ ਰਿਹਾ ਹੈ, ਜਦੋਂ ਕਿ ਲੋੜ 8 ਘੰਟਿਆਂ ਦੀ ਹੈ। ਇਸ ਕਰਕੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਡੀਏਪੀ ਮੌਜੂਦ ਹੈ ਪਰ ਇਸ ਦੀ ਬਲੈਕ ਕਰਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਜਿਸ ਬਾਰੇ ਅੱਜ ਵੀ ਮੀਟਿੰਗ ਵਿੱਚ ਚਰਚਾ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਇਨ੍ਹਾਂ ਮਸਲਿਆਂ ਦਾ ਹੱਲ ਨਹੀਂ ਹੁੰਦਾ ਤਾਂ ਬਿਜਲੀ ਕੱਟ ਲਗਾਉਣ ਵਾਲੇ ਬਿਜਲੀ ਅਧਿਕਾਰੀਆਂ, ਬਿਜਲੀ ਗਰਿੱਡਾਂ ਅਤੇ ਡੀਏਪੀ ਦੀ ਬਲੈਕ ਕਰਨ ਵਾਲੇ ਲੋਕਾਂ ਦੇ ਘਿਰਾਓ ਕਰਨ ਦਾ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੇਲਵੇ ਲਾਈਨਾਂ, ਟੋਲ ਪਲਾਜ਼ਿਆਂ ਅਤੇ ਹੋਰ ਵੱਖ ਵੱਖ ਥਾਵਾਂ ਤੇ ਚੱਲ ਰਹੇ ਕਿਸਾਨਾਂ ਦੇ ਮੋਰਚਿਆਂ ਨੂੰ ਇਸੇ ਤਰ੍ਹਾਂ 15 ਅਕਤੂਬਰ ਤੱਕ ਜਾਰੀ ਰੱਖਿਆ ਜਾਵੇਗਾ।
ਜੇਠੂਕੇ ਨੇ ਕਿਹਾ ਕਿ 15 ਅਕਤੂਬਰ ਦੀ ਮੀਟਿੰਗ ਦੇ ਬਾਅਦ ਹੀ ਲੋਕਾਂ ਤੇ ਬਿਜਲੀ ਸੰਕਟ, ਡੀਏਪੀ ਦੀ ਤੋਟ ਦੇ ਪੈਣ ਵਾਲੇ ਅਸਰ ਨੂੰ ਧਿਆਨ ਵਿੱਚ ਰੱਖਦਿਆਂ ਅਗਲਾ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਕਿਸਾਨਾਂ ਦੇ ਅੰਦੋਲਨ ਨੂੰ ਫੇਲ ਕਰਨ ਲਈ ਆਪੋ ਆਪਣੇ ਹੱਥ ਕੰਢੇ ਅਪਣਾ ਰਹੀਆਂ ਹਨ ਪਰ ਕਿਸਾਨ ਜਥੇਬੰਦੀਆਂ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖੇਗੀ।