ਬਰਨਾਲਾ: ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਬਰਨਾਲਾ ਰੇਲਵੇ ਸਟੇਸ਼ਨ ਵਿਖੇ ਤਿੰਨੇ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਵਾਉਣ ਲਈ ਚੱਲ ਰਿਹਾ ਸਾਂਝਾ ਕਿਸਾਨ ਸੰਘਰਸ਼ 122ਵੇਂ ਦਿਨ ਵਿੱਚ ਦਾਖਲ ਹੋਇਆ। ਇਸ ਮੌਕੇ ਸ਼ਹਿਰ ਦੇ ਸਦਰ ਬਜਾਰ ਅਤੇ ਫਰਵਾਹੀ ਬਜਾਰ ਵਿੱਚ ਵਿਸ਼ਾਲ ਸਦਭਾਵਨਾ ਮਾਰਚ ਕਰਕੇ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਨੂੰ ਪਛਾੜਨ ਦਾ ਸੱਦਾ ਦਿੱਤਾ ਗਿਆ। ਮਾਰਚ ਦੌਰਾਨ ਲੋਕ ਏਕਤਾ-ਜਿੰਦਾਬਾਦ ਦੇ ਨਾਹਰੇ ਗੂੰਜਦੇ ਰਹੇ।
ਭਾਜਪਾ ਵੱਲੋਂ ਸੰਘਰਸ਼ ਨੂੰ ਸੰਨ੍ਹ ਲਗਾਓਣ ਦੀ ਕੋਸ਼ਿਸ਼
26 ਜਨਵਰੀ ਨੂੰ ਦਿੱਲੀ ਵਿਖੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਪਹਿਲੀ ਵਾਰ ਦਿੱਲੀ ਤੋਂ ਪਰਤੇ ਬੀਕੇਯੂ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਵੱਡੀ ਗਿਣਤੀ ਵਿੱਚ ਇਕੱਤਰ ਜੁਝਾਰੂ ਕਾਫਲਿਆਂ ਨੂੰ ਸੰਬੋਧਨ ਕਰਦਿਆਂ ਵਿਸਥਾਰ ਸਹਿਤ ਦੱਸਿਆ ਕਿ ਕਿਵੇਂ ਭਗਵਾਂਧਾਰੀ ਆਰਐਸਐਸ ਦੀ ਅਗਵਾਈ ਵਾਲੀ ਭਾਜਪਾ ਹਕੂਮਤ ਸਾਂਝੇ ਕਿਸਾਨ ਸੰਘਰਸ਼ ਨੂੰ ਸੰਨ੍ਹ ਲਾਉਣ ਦੀਆਂ ਲੰਬੇ ਸਮੇਂ ਤੋਂ ਸਾਜਿਸ਼ਾਂ ਰਚ ਰਹੀ ਸੀ। ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਇਨ੍ਹਾਂ ਸਾਜਿਸ਼ਾਂ ਖਿਲਾਫ ਲਗਤਾਰ ਚੌਕਸ ਸੀ।
ਸੁਨਹਿਰੀ ਇਤਿਹਾਸ ਨੂੰ ਕੀਤਾ ਲੋਕਾਂ ਤੋਂ ਲਾਂਭੇ
26 ਨਵੰਬਰ ਕਿਸਾਨ ਗਣਤੰਤਰ ਪਰੇਡ ਇੱਕ ਅਜਿਹਾ ਸਮਾਨੰਤਰ ਪ੍ਰੋਗਰਾਮ ਸੀ, ਜਿਸ ਵੱਲ ਦੁਨੀਆਂ ਭਰ ਦੇ ਕਰੋੜਾਂ ਕਰੋੜ ਭਾਰਤੀਆਂ ਦੀਆਂ ਨਿਗਾਹਾਂ ਲੱਗੀਆਂ ਹੋਈਆਂ ਸਨ। ਮੋਦੀ ਹਕੂਮਤ ਸਮੇਤ ਹੋਰ ਸਮੇਂ ਸਮੇਂ ਤੇ ਵੱਖੋ ਵੱਖ ਪਾਰਲੀਮਾਨੀ ਪਾਰਟੀਆਂ ਦੀਆਂ ਬਣੀਆਂ ਸਰਕਾਰਾਂ 26 ਜਨਵਰੀ 1950 ਗਣਤੰਤਰ ਜਾਰੀ ਹੋਣ ਦੇ ਸਮੇਂ ਤੋਂ ਲੋਕਾਂ ਦੇ ਅੱਖੀਂ ਘੱਟਾ ਪਾਉਂਦੀਆਂ ਆ ਰਹੀਆਂ ਹਨ। ਮੋਦੀ ਹਕੂਮਤ ਨੇ ਇਸ ਸਾਰੇ ਘਟਨਾਕ੍ਰਮ ਰਾਹੀਂ ਵੱਡੀ ਸਾਜਿਸ਼ ਰਚਦਿਆਂ ਇਤਿਹਾਸ 'ਚ ਰਚੇ ਜਾ ਰਹੇ ਸੁਨਹਿਰੀ ਪੰਨਿਆਂ ਨੂੰ ਲੋਕਾਂ ਦੀਆਂ ਨਿਗਾਹਾਂ ਤੋਂ ਲਾਂਭੇ ਕਰਨ ਦਾ ਨਾਪਾਕ ਯਤਨ ਕੀਤਾ ਸੀ।
ਭਾਰਤ ਦੇ ਲੋਕਾਂ ਏਕਾ ਰੱਖਿਆ ਬਰਕਰਾਰ
ਕੇਸਰੀ ਝੰਡਾ ਝੁਲਾਉਣ ਵਾਲੀ ਕਾਰਵਾਈ ਰਾਹੀਂ ਇੱਕ ਵਾਰ ਪੰਜਾਬ ਦੇ ਕਿਸਾਨਾਂ ਦੇ ਵਿਰੁੱਧ ਵਿਸ਼ਾਲ ਲੋਕਾਈ ਦੀਆਂ ਭਾਵਨਾਵਾਂ ਭੜ੍ਹਕਾ ਉਲਟ ਕਰਨ ਦਾ ਯਤਨ ਕੀਤਾ ਸੀ। ਪਰ ਭਾਰਤ ਦੇ ਲੋਕਾਂ ਨੇ ਕਿਸੇ ਵੀ ਕਿਸਮ ਦੀ ਭੜਕਾਹਟ ਵਿੱਚ ਨਾਂ ਆਉਂਦਿਆਂ ਆਪਣਾ ਏਕਾ ਬਰਕਰਾਰ ਰੱਖਿਆ। ਮੋਦੀ ਹਕੂਮਤ ਦੀ ਇਹ ਸਾਜਿਸ਼ ਵੀ ਘੱਟੇ ਰੋਲਣ ਦਾ ਸਿਹਰਾ ਸੂਝਵਾਨ ਆਗੂ ਟੀਮ ਸਮੇਤ ਮਿਹਨਤਕਸ਼ ਜੁਝਾਰੂ ਕਾਫਲਿਆਂ ਨੂੰ ਜਾਂਦਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਸਾਜਿਸ਼ਾਂ ਨੂੰ ਪਛਾੜਦਿਆਂ ਕਾਲੇ ਕਾਨੂੰਨਾਂ ਦੀ ਮੁਕੰਮਲ ਵਾਪਸੀ ਤੱਕ ਹੋਰ ਵੱਧ ਜਿੰਮੇਵਾਰੀ ਨਾਲ ਇਹ ਸੰਘਰਸ਼ ਜਾਰੀ ਰੱਖਣਾ ਹੋਵੇਗਾ।
ਪਰਖ ਦੀ ਘੜੀ
ਆਗੂਆਂ ਨੇ ਪਰਖ ਦੀ ਇਸ ਘੜੀ ਮੌਕੇ ਮੋਦੀ ਹਕੂਮਤ ਦੇ ਹੱਲੇ ਨੂੰ ਪਛਾੜਨ ਲਈ ਪਿੰਡ ਪੱਧਰ ਦੀ ਵਿਉਂਤਬੰਦੀ ਬਣਾਕੇ ਕਾਫਲੇ ਦਿੱਲੀ ਵੱਲ ਭੇਜਣ ਦੀ ਲੋੜ ਤੇ ਜੋਰ ਦਿੱਤਾ। ਕਿਸਾਨ ਜਥੇਬੰਦੀਆਂ ਦੀ ਅਪੀਲ ਨੂੰ ਵੱਡਾ ਹੁੰਗਾਰਾ ਮਿਲਣਾ ਵੀ ਸ਼ੁਰੂ ਹੋ ਗਿਆ ਹੈ, ਪਿੰਡ ਪਿੰਡ ਇਕੱਠ ਕਰਕੇ ਦਿੱਲੀ ਵੱਲ ਕਾਫਲਿਆਂ ਦੇ ਕੂਚ ਕਰਨ ਦੀਆਂ ਯੋਜਨਾਵਾਂ ਬਨਣ ਲੱਗੀਆਂ ਹਨ।