ਬਰਨਾਲਾ: ਬਰਨਾਲਾ ਦੇ ਨੇੜਲੇ ਕਸਬੇ ਧਨੌਲਾ ਵਿਖੇ ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀ ਵਿੱਚ ਤਾਇਨਾਤ ਮੈਨੇਜਰ ਵੱਲੋਂ ਸਪਰੇਅ ਪੀ ਕੇ ਖ਼ੁਦਕੁਸ਼ੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਮੈਨੇਜਰ ਹਰਮੇਲ ਸਿੰਘ ਭੋਲਾ (55) ਪਿਛਲੇ 26 ਸਾਲਾਂ ਤੋਂ ਆਪਣੀਆਂ ਸੇਵਾਵਾਂ ਸੁਸਾਇਟੀ ਵਿੱਚ ਮੈਨੇਜਰ ਦੇ ਤੌਰ ’ਤੇ ਨਿਭਾਅ ਰਿਹਾ ਸੀ। ਸੁਸਾਇਟੀ ਦੀ ਇੱਕ ਮੀਟਿੰਗ ਹੋਣ ਤੋਂ ਬਾਅਦ ਉਸ ਨੇ ਸਪਰੇਅ ਪੀ ਕੇ ਖ਼ੁਦੁਕਸ਼ੀ ਕਰ ਲਈ।
ਹੋਰ ਪੜ੍ਹੋ: 'ਇਮਪਰੂਵਮੈਂਟ ਟਰੱਸਟ ਵੇਚੇਗੀ ਕਾਂਗਰਸ ਨੂੰ ਜ਼ਿਲ੍ਹਾ ਦਫ਼ਤਰ ਬਣਾਉਣ ਲਈ ਜ਼ਮੀਨ'
ਮ੍ਰਿਤਕ ਦੇ ਪੁੱਤਰ ਭੁਪਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਦਾ ਕਾਰਨ ਸੁਸਾਇਟੀ ’ਚ ਕੰਮ ਕਰ ਰਹੇ ਕੁੱਝ ਮੁਲਾਜ਼ਮ ਅਤੇ ਰਾਜਨੀਤਿਕ ਲੋਕ ਹਨ, ਜਿਸ ਕਾਰਨ ਉਸ ਦੇ ਪਿਤਾ ਲੰਮੇ ਸਮੇਂ ਤੋਂ ਪ੍ਰੇਸ਼ਾਨ ਸਨ। ਇਸ ਕਾਰਨ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਸਪਰੇਅ ਪੀ ਕੇ ਆਪਣੀ ਜਾਨ ਦੇ ਦਿੱਤੀ।
ਉਸ ਅੱਗੇ ਕਿਹਾ ਕਿ ਉਸ ਦੇ ਪਿਤਾ ਨੂੰ ਅਕਸਰ ਉਨ੍ਹਾਂ ਦੇ ਸਾਥੀ ਜਾਤੀਸੂਚਕ ਸ਼ਬਦਾਂ ਨਾਲ ਸੰਬੋਧਿਤ ਕਰਕੇ ਪ੍ਰੇਸ਼ਾਨ ਕਰਦੇ ਸਨ। ਥਾਣਾ ਧਨੌਲਾ ਦੇ ਏਐਸਆਈ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈਣ ਤੋਂ ਬਾਅਦ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।