ਬਰਨਾਲਾ: ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੇ ਪੌਜ਼ੀਟਿਵ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਸਬੰਧੀ ਜ਼ਿਲ੍ਹਾ ਪੱਧਰ 'ਤੇ ਕੋਵਿਡ-19 ਸੈਂਟਰਾਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਹੀ ਸਿਹਤ ਵਿਭਾਗ ਦੀ ਬਰਨਾਲਾ ਦੇ ਸਰਕਾਰੀ ਹਸਪਤਾਲ ਨੂੰ ਕੋਵਿਡ-19 ਹਸਪਤਾਲ ਵਿੱਚ ਤਬਦੀਲ ਕਰਨ ਦੀ ਤਜਵੀਜ਼ ਹੈ ਪਰ ਜ਼ਿਲ੍ਹੇ ਦੀਆਂ ਧਾਰਮਿਕ, ਸਮਾਜਿਕ, ਕਿਸਾਨ ਅਤੇ ਜਨਤਕ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਹੈ ਅਤੇ ਇੱਕ ਸਾਂਝਾ ਮੰਚ ਬਣਾ ਕੇ 'ਹਸਪਤਾਲ ਬਚਾਓ' ਸੰਘਰਸ਼ ਕਮੇਟੀ ਦੇ ਝੰਡੇ ਹੇਠ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ।
ਸੰਘਰਸ਼ ਕਮੇਟੀ ਦੇ ਆਗੂਆਂ ਮਾਸਟਰ ਪ੍ਰੇਮ ਕੁਮਾਰ, ਨਾਰਾਯਣ ਦੱਤ, ਗੁਰਮੀਤ ਸਿੰਘ ਅਤੇ ਮੇਲਾ ਸਿੰਘ ਨੇ ਖੑਦਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਰਨਾਲਾ ਦੇ ਸਿਵਲ ਸਰਜਨ ਨਾਲ ਗੱਲ ਹੋਈ ਹੈ। ਸਿਵਲ ਸਰਜਨ ਨੇ ਸਪੱਸ਼ਟ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਾਲਤਾਂ ਦੇ ਮੱਦੇਨਜ਼ਰ ਹੋ ਸਕਦਾ ਹੈ ਕਿ ਸਰਕਾਰੀ ਹਸਪਤਾਲ ਨੂੰ ਕੋਵਿਡ-19 ਕੇਅਰ ਸੈਂਟਰ ਵਿੱਚ ਬਦਲ ਦਿੱਤਾ ਜਾਵੇ।
ਸਿਵਲ ਹਸਪਤਾਲ ਬਰਨਾਲਾ ਨੂੰ ਕੋਵਿਡ-19 ਸੈਂਟਰ 'ਚ ਤਬਦੀਲ ਕਰਨ ਵਿਰੁੱਧ ਡੀਸੀ ਨੂੰ ਮੰਗ ਪੱਤਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਕੋਰੋਨਾ ਮਹਾਂਮਾਰੀ ਦਾ ਖੌਫ਼ ਪੈਦਾ ਕਰ ਕੇ ਹਸਪਤਾਲ ਨੂੰ ਬੰਦ ਕਰਨਾ ਚਾਹੁੰਦੀ ਹੈ। ਜੇ ਬਰਨਾਲਾ ਦੇ ਸਰਕਾਰੀ ਹਸਪਤਾਲ ਨੂੰ ਕੋਵਿਡ-19 ਸੈਂਟਰ ਵਿੱਚ ਬਦਲ ਦਿੱਤਾ ਜਾਂਦਾ ਹੈ ਤਾਂ ਉਸ ਦਾ ਜ਼ਿਲ੍ਹੇ ਦੇ ਮਰੀਜ਼ਾਂ ਨੂੰ ਬਹੁਤ ਭਾਰੀ ਨੁਕਸਾਨ ਹੋਵੇਗਾ ਕਿਉਂਕਿ ਸਰਕਾਰੀ ਹਸਪਤਾਲ ਵਿੱਚ 150 ਦੇ ਲਗਭਗ ਮਰੀਜ਼ ਦਾਖ਼ਲ ਹਨ।
ਇਸਤੋਂ ਇਲਾਵਾ 500 ਤੋਂ 800 ਤੱਕ ਮਰੀਜ਼ ਓਪੀਡੀ ਵਿੱਚ ਜਾਂਚ ਲਈ ਆਉਂਦੇ ਹਨ, ਜਿਸ ਕਾਰਨ ਮਰੀਜ਼ਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਇਸ ਤਰ੍ਹਾਂ ਮਰੀਜ਼ਾਂ ਨੂੰ ਮਜਬੂਰੀ ਵੱਸ ਨਿੱਜੀ ਹਸਪਤਾਲਾਂ ਦਾ ਰੁਖ ਕਰਨਾ ਪਵੇਗਾ, ਜਿੱਥੇ ਉਨ੍ਹਾਂ ਦੀ ਅੰਨ੍ਹੀ ਲੁੱਟ ਹੋਵੇਗੀ।
ਆਗੂਆਂ ਨੇ ਕਿਹਾ ਕਿ ਉਹ ਇਸ ਤਰ੍ਹਾਂ ਮਰੀਜ਼ਾਂ ਦੀ ਲੁੱਟ ਨਹੀਂ ਹੋਣ ਦੇਣਗੇ। ਜੇਕਰ ਸਿਹਤ ਵਿਭਾਗ ਨੇ ਸਰਕਾਰੀ ਹਸਪਤਾਲ ਨੂੰ ਕੋਵਿਡ-19 ਸੈਂਟਰ ਵਿੱਚ ਤਬਦੀਲ ਕਰ ਕੇ ਹਸਪਤਾਲ ਨੂੰ ਬੰਦ ਕਰਨ ਕੀ ਗੱਲ ਕੀਤੀ ਤਾਂ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।