ਬਰਨਾਲਾ: ਸਿੱਖ ਗੁਰੂ ਸਾਹਿਬਾਨਾਂ ਨੇ ਜਿੱਥੇ ਜਾਤ ਪਾਤ ਦਾ ਭੇਦਭਾਵ ਖ਼ਤਮ ਕਰਨ ਲਈ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ। ਉਨ੍ਹਾਂ ਵੱਲੋਂ ਸ਼ੁਰੂ ਕੀਤੀ ਇਹ ਪ੍ਰਥਾ ਨੂੰ ਹੌਲੀ-ਹੌਲੀ ਹੋਰ ਧਰਮਾਂ ਦੇ ਲੋਕਾਂ ਵੱਲੋਂ ਵੀ ਅਪਣਾਇਆ ਜਾਣ ਲੱਗਿਆ ਹੈ। ਇਸ ਤਹਿਤ ਬਰਨਾਲਾ ਵਿਖੇ ਗੀਤਾ ਭਵਨ ਮੰਦਿਰ ਕਮੇਟੀ ਵੱਲੋਂ ਲੰਗਰ ਦਾ ਉਪਰਾਲਾ ਸ਼ੁਰੂ ਕੀਤਾ ਗਿਆ। ਇਹ ਲੰਗਰ ਬੇਸਹਾਰਾ ਅਤੇ ਲੋੜਵੰਦ ਲੋਕਾਂ ਲਈ ਸ਼ੁਰੂ ਕੀਤਾ ਗਿਆ ਹੈ। ਅੱਜ ਵੀ ਕਈ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਇੱਕ ਸਮੇਂ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ।
ਬਰਨਾਲਾ 'ਚ ਬੇਸਹਾਰਿਆਂ ਤੇ ਲੋੜਵੰਦਾਂ ਲਈ ਲੰਗਰ ਦਾ ਖ਼ਾਸ ਉਪਰਾਲਾ - ਬਰਨਾਲਾ ਸ਼ਹਿਰ
ਗੀਤਾ ਭਵਨ ਮੰਦਿਰ ਕਮੇਟੀ ਵੱਲੋਂ ਜ਼ਰੂਰਤਮੰਦਾਂ ਲਈ ਇੱਕ ਚੰਗਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਕਮੇਟੀ ਵੱਲੋਂ ਰੋਜ਼ਾਨਾ ਗੀਤਾ ਭਵਨ ਮੰਦਿਰ ਦੇ ਬਾਹਰ ਲੰਗਰ ਲਗਾਉਣਾ ਸ਼ੁਰੂ ਕੀਤਾ ਗਿਆ ਹੈ। ਇੱਥੇ ਰੋਜ਼ਾਨਾ 100 ਤੋਂ ਵਧੇਰੇ ਲੋਕ ਪਹੁੰਚ ਕੇ ਲੰਗਰ ਛੱਕ ਰਹੇ ਹਨ।
ਬਰਨਾਲਾ ਸ਼ਹਿਰ ਵਿੱਚੋਂ ਇਸ ਤਰਾਂ ਭੁੱਖਮਰੀ ਦੀ ਸਮੱਸਿਆ ਖ਼ਤਮ ਕਰਨ ਦੇ ਮਕਸਦ ਨਾਲ ਗੀਤਾ ਭਵਨ ਕਮੇਟੀ ਬਰਨਾਲਾ ਵਲੋਂ ਲੰਗਰ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਗੀਤਾ ਭਵਨ ਕਮੇਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਹ ਲੰਗਰ ਮੰਦਿਰ ਕਮੇਟੀ ਦੇ ਪ੍ਰਧਾਨ ਵਲੋਂ ਆਪਣੀ ਪਤਨੀ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਮੰਦਿਰ ਕਮੇਟੀ ਨੇ ਅੱਗੇ ਤੋਂ ਇਹ ਲੰਗਰ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਇਸ ਲੰਗਰ ਨੂੰ ਚਾਲੂ ਰੱਖਣ ਲਈ ਸ਼ਹਿਰ ਦੀਆਂ ਵੱਖ ਵੱਖ ਜੱਥੇਬੰਦੀਆਂ ਅਤੇ ਸ਼ਹਿਰ ਨਿਵਾਸੀ ਵੱਧ ਚੜ ਕੇ ਸਹਿਯੋਗ ਦੇ ਰਹੇ ਹਨ।
ਇਸ ਲੰਗਰ ਵਿੱਚ ਹਰ ਧਰਮ, ਜਾਤ, ਫ਼ਿਰਕੇ ਦੇ ਵਿਅਕਤੀ ਲੰਗਰ ਛਕ ਰਹੇ ਹਨ। ਰੋਜ਼ਾਨਾ ਤਾਜ਼ਾ ਲੰਗਰ ਲੋਕਾਂ ਨੂੰ ਤਿਆਰ ਕਰਕੇ ਖਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸਵੇਰ ਸਮੇਂ ਚਾਹ ਨਾਲ ਬਰੈਡ ਛਕਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਵੀ ਸ਼ਹਿਰ ਦੇ ਰੇਲਵੇ ਸਟੇਸ਼ਨ ਸਮੇਤ ਹੋਰ ਵੱਖ-ਵੱਖ ਥਾਵਾਂ ’ਤੇ ਲੋਕ ਭੁੱਖੇ ਸੌਂਦੇ ਸਨ, ਜੋ ਹੁਣ ਇਸ ਲੰਗਰ ਵਿੱਚ ਆ ਕੇ ਖਾਣਾ ਖਾ ਕੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲੰਗਰ ਵਿੱਚੋਂ ਜੇ ਕੋਈ ਵਿਅਕਤੀ ਚਾਹੇ ਤਾਂ ਲੰਗਰ ਘਰ ਵੀ ਲਿਜਾ ਸਕਦਾ ਹੈ, ਜਿਸ ਬਾਰੇ ਕਿਸੇ ਨੂੰ ਰੋਕਿਆ ਨਹੀਂ ਜਾਂਦਾ।